ਸਾਢੇ 4 ਸਾਲ SC ਭਾਈਚਾਰੇ ਦੀ ਗੱਲ ਨਾ ਕਰਨ ਵਾਲੇ ਮੁੱਖ ਮੰਤਰੀ ਨੂੰ ਅੱਜ ਭਲਾਈ ਸਕੀਮਾਂ ਦੀ ਆਈ ਯਾਦ : ਜਸਵੀਰ ਸਿੰਘ ਗੜ੍ਹੀ

0
2390

ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪਿੰਡ ਬਰਕੰਦੀ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਗ੍ਰਹਿ ਵਿਖੇ ਪਹੁੰਚੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੜ੍ਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗਠਜੋੜ ਇੱਕ ਮਜ਼ਬੂਤ ਗਠਜੋੜ ਹੈ ਅਤੇ ਸਾਰੀਆਂ ਵਿਰੋਧੀ ਧਿਰਾਂ ਮਿਲ ਕੇ ਵੀ ਇਸ ਗਠਜੋੜ ਦਾ ਮੁਕਾਬਲਾ ਨਹੀਂ ਕਰ ਸਕਦੀਆਂ।

ਉਨ੍ਹਾਂ ਕਿਹਾ ਕਿ ਬਸਪਾ ਵੱਲੋਂ ਬੂਥ ਲੈਵਲ ‘ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਸਸੀ ਭਲਾਈ ਸਕੀਮਾਂ ਸਬੰਧੀ ਬਿੱਲ ਲਿਆਉਣ ਦੇ ਬਿਆਨ ‘ਤੇ ਗੜ੍ਹੀ ਨੇ ਕਿਹਾ ਕਿ ਅੱਜ ਐੱਸਸੀ ਭਾਈਚਾਰੇ ਦੀਆਂ ਸਕੀਮਾਂ ਦੀ ਗੱਲ ਕਰਨ ਵਾਲੀ ਕਾਂਗਰਸ ਸਰਕਾਰ ਨੇ ਸਾਢੇ 4 ਸਾਲਾਂ ‘ਚ ਭਾਈਚਾਰੇ ਲਈ ਕੋਈ ਕਦਮ ਨਹੀਂ ਚੁੱਕਿਆ।

ਕਾਂਗਰਸ ਦੇ ਹਾਈਕਮਾਂਡ ‘ਚੋਂ ਆਏ 18 ਨੁਕਾਤੀ ਪ੍ਰੋਗਰਾਮ ਨੂੰ ਨਵਜੋਤ ਸਿੱਧੂ ਨੇ 5 ਨੁਕਾਤੀ ਬਣਾ ਦਿੱਤਾ ਅਤੇ ਜਦ ਉਹ ਇਹ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਕੋਲ ਗਏ ਤਾਂ ਉਨ੍ਹਾਂ ਬਿਆਨ ਦਿੱਤਾ ਕਿ ਇਨ੍ਹਾਂ ‘ਚੋਂ 80 ਫੀਸਦੀ ਕੰਮ ਹੋ ਚੁੱਕੇ ਹਨ। ਨਵਜੋਤ ਸਿੱਧੂ ਤੋਂ ਪੰਜਾਬ ਨੂੰ ਕੋਈ ਆਸ ਨਹੀਂ ਹੈ।

ਪੰਜਾਬ ਦਾ ਹਰ ਵਰਗ ਅੱਜ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਸੜਕਾਂ ‘ਤੇ ਹੈ। ਐੱਸਸੀ ਭਾਈਚਾਰੇ ਸਬੰਧੀ ਕਾਂਗਰਸੀ ਆਗੂਆਂ ਵੱਲੋਂ ਜੋ ਗਲਤ ਸ਼ਬਦਾਵਲੀ ਵਰਤੀ ਜਾ ਰਹੀ ਹੈ, ਇਸ ਦਾ ਵਿਰੋਧ ਬਸਪਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਜਾਰੀ ਰਹੇਗਾ।

ਕਾਂਗਰਸੀ ਆਗੂ ਅਜੀਤਇੰਦਰ ਮੋਫਰ ਵੱਲੋਂ ਐੱਸਸੀ ਭਾਈਚਾਰੇ ਲਈ ਵਰਤੀ ਗਲਤ ਸ਼ਬਦਾਵਲੀ ਵਿਰੁੱਧ 3 ਅਗਸਤ ਨੂੰ ਸਰਦੂਲਗੜ੍ਹ ਤੋਂ ਮੋਫਰ ਪਿੰਡ ਤੱਕ ਕਾਂਗਰਸ ਦੀ ਜਲੂਸ ਯਾਤਰਾ ਕੱਢੀ ਜਾਵੇਗੀ। ਆਮ ਆਦਮੀ ਪਾਰਟੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਹੈ ਅਤੇ ਇਸ ਪਾਰਟੀ ਦੇ ਆਗੂ ਆਪਸ ਵਿਚ ਹੀ ਉਲਝੇ ਹੋਏ ਹਨ।

ਕਾਂਗਰਸੀ ਆਗੂਆਂ ਵੱਲੋਂ ਐੱਸਸੀ ਭਾਈਚਾਰੇ ਨਾਲ ਸਬੰਧਿਤ ਵਿਅਕਤੀ ਨੂੰ ਡਿਪਟੀ ਸੀਐੱਮ ਬਣਾਉਣ ਦੇ ਦਿੱਤੇ ਜਾ ਰਹੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮੁੱਦਾ ਸਿਹਤ, ਸਿੱਖਿਆ ਅਤੇ ਰੋਜ਼ਗਾਰ ਹੈ ਅਤੇ ਕਾਂਗਰਸ ਨੇ ਇਨ੍ਹਾਂ ‘ਚੋਂ ਕੁਝ ਵੀ ਆਮ ਲੋਕਾਂ ਤੱਕ ਸਹੀ ਤਰ੍ਹਾਂ ਪਹੁੰਚਦਾ ਨਹੀਂ ਕੀਤਾ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)