ਜਲੰਧਰ | ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦੀ ਜ਼ਿਮਨੀ ਚੋਣ ਸਬੰਧੀ ਪੱਛਮੀ ਹਲਕੇ ਦੇ 3 ਵੱਖ-ਵੱਖ ਵਾਰਡਾਂ ‘ਚ ਰੋਡ ਸ਼ੋਅ ਕਰਨਗੇ। ਰੋਡ ਸ਼ੋਅ ਦਾ ਸਮਾਂ ਸ਼ਾਮ 4 ਵਜੇ ਦੇ ਕਰੀਬ ਤੈਅ ਕੀਤਾ ਗਿਆ ਹੈ। ਇਹ ਰੋਡ ਸ਼ੋਅ ਬਸਤੀ ਗੂਜਾਂ ਦੇ ਦਿਲਬਾਗ ਨਗਰ ਸਥਿਤ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੁਰੂ ਹੋਵੇਗਾ।
ਜਿਸ ਤੋਂ ਬਾਅਦ ਸੀਐਮ ਮਾਨ ਸ਼ਾਮ 5 ਵਜੇ ਗੁਰੂ ਸੰਤ ਨਗਰ ‘ਚ ਦੂਜਾ ਰੋਡ ਸ਼ੋਅ ਕਰਨਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੋਮਵਾਰ ਨੂੰ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਰੋਡ ਸ਼ੋਅ ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ।
ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਮਿਸ਼ਨ 13-0 ਦੀ ਅਸਫਲਤਾ ਤੋਂ ਬਾਅਦ ਉਹ ਪੱਛਮੀ ਹਲਕੇ ‘ਚ ਆਪਣੀ ਪੂਰੀ ਵਾਹ ਲਾ ਰਹੇ ਹਨ ਕਿਉਂਕਿ ਲੋਕ ਸਭਾ ਚੋਣਾਂ ‘ਚ ਇੰਨੀ ਵੱਡੀ ਹਾਰ ਤੋਂ ਬਾਅਦ ‘ਆਪ’ ਦੀ ਭਰੋਸੇਯੋਗਤਾ ਹੁਣ ਪੱਛਮੀ ਹਲਕੇ ‘ਤੇ ਹੀ ਟਿਕੀ ਹੈ। ਅਜਿਹੇ ‘ਚ ‘ਆਪ’ ਪੱਛਮੀ ਹਲਕੇ ‘ਚ ਪੂਰੀ ਕੋਸ਼ਿਸ਼ ਕਰ ਰਹੀ ਹੈ।
ਕੱਲ ਭਾਵ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਪੱਛਮੀ ਹਲਕੇ ‘ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਗਿਆ। ਉਨ੍ਹਾਂ ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਗਲਤ ਉਮੀਦਵਾਰ ਚੁਣਨ ਲਈ ਮੁਆਫ਼ੀ ਮੰਗਣ ਦੀ ਗੱਲ ਕਹੀ, ਉੱਥੇ ਹੀ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵੋਟ ਬਰਬਾਦ ਨਾ ਕਰਨ। ਸਾਨੂੰ ਅਫਸੋਸ ਹੈ ਕਿ ਅਸੀਂ ਸਹੀ ਵਿਅਕਤੀ ਦੀ ਚੋਣ ਨਹੀਂ ਕਰ ਸਕੇ, ਜਿਸ ਕਾਰਨ ਤੁਹਾਨੂੰ ਉਪ ਚੋਣ ਦਾ ਬੋਝ ਝੱਲਣਾ ਪਿਆ।”
ਉਨ੍ਹਾਂ ਕਿਹਾ ਕਿ ਤੁਸੀਂ ਉਮੀਦਵਾਰ ਮਹਿੰਦਰ ਭਗਤ ਜੋ ਕਿ ਬਹੁਤ ਹੀ ਇਮਾਨਦਾਰ ਵਿਅਕਤੀ ਅਤੇ ਭਗਤ ਪਰਿਵਾਰ ‘ਤੇ ਭਰੋਸਾ ਕਰਦੇ ਹੋ, ਜਿਸ ਨੇ ਦਹਾਕਿਆਂ ਤੋਂ ਇਸ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ। ਮਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ ਚੂਨੀ ਲਾਲ ਭਗਤ ਨੇ ਆਪਣਾ ਕਾਰਜਕਾਲ ਪੂਰੀ ਇਮਾਨਦਾਰੀ ਨਾਲ ਪੂਰਾ ਕੀਤਾ ਹੈ। ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ।






































