ਸੰਗਰੂਰ, 29 ਸਤੰਬਰ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ 12 ਲਾਇਬ੍ਰੇਰੀਆਂ ਦਾ ਵੱਡਾ ਤੋਹਫ਼ਾ ਦਿੰਦਿਆਂ ਨਾਲ ਹੀ ਐਲਾਨ ਕੀਤਾ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਸਿਲਾਈ ਵੀ ਪਿੰਡਾਂ ਦੀਆਂ ਸੁਆਣੀਆਂ ਕੋਲੋਂ ਕਰਵਾਈ ਜਾਵੇਗੀ, ਜਿਸ ਸਬੰਧੀ ਬਕਾਇਦਾ ਸਿੱਖਿਆ ਮੰਤਰੀ ਨੂੰ ਵੀ ਕਹਿ ਦਿੱਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਿੱਖਿਆ ਮੰਤਰੀ ਨੂੰ ਕਿਹਾ ਹੋਇਆ ਹੈ ਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਸਰਕਾਰ ਵੱਲੋਂ ਦਿੱਤੀਆਂ ਜਾਣੀਆਂ ਹਨ, ਉਹ ਵਰਦੀਆਂ ਜਿਹੜੇ ਪਿੰਡਾਂ ‘ਚ ਮਾਵਾਂ-ਭੈਣਾਂ ਸਿਲਾਈ ਕਰਨਾ ਜਾਣਦੀਆਂ ਹਨ, ਉਨ੍ਹਾਂ ਵੱਲੋਂ ਤਿਆਰ ਕਰਕੇ ਸਕੂਲਾਂ ਵਿਚ ਭੇਜੀਆਂ ਜਾਣ ਤਾਂ ਜੋ ਪਿੰਡਾਂ ਦੀਆਂ ਔਰਤਾਂ ਨੂੰ ਰੁਜ਼ਗਾਰ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਪੁਲਿਸ ਮਹਿਕਮੇ ਵਿਚ ਵੀ ਲਾਗੂ ਕੀਤੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਸਰਕਾਰ ਨੂੰ ਵੀ ਮਾਣ ਮਹਿਸੂਸ ਹੋਵੇਗਾ ਕਿਉਂਕਿ ਸਾਡੀਆਂ ਮਾਵਾਂ-ਭੈਣਾਂ ਵੀ ਕੰਮ ਕਰ ਰਹੀਆਂ ਹਨ, ਜੋ ਕਿ ਇਹ ਵੀ ਸਹਾਇਕ ਧੰਦੇ ਦਾ ਹਿੱਸਾ ਹਨ।
ਦੱਸਣਯੋਗ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਖੇਤਰ ਵਿੱਚ ਆਧੁਨਿਕ ਲਾਇਬ੍ਰੇਰੀਆਂ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਮੌਕੇ ਮੁੱਖ ਮੰਤਰੀ ਮਾਨ ਸਕੂਲੀ ਬੱਚਿਆਂ ਦੇ ਵੀ ਰੂਬਰੂ ਹੋਏ। ਮੁੱਖ ਮੰਤਰੀ ਨੇ ਕਿਹਾ ਕੇ 12 ਲਾਇਬ੍ਰੇਰੀਆਂ ਤੋਂ ਬਾਅਦ ਅਜਿਹੀਆਂ 16 ਹੋਰ ਲਾਇਬ੍ਰੇਰੀਆਂ ਪੰਜਾਬੀਆਂ ਲਈ ਤਿਆਰ ਕੀਤੀਆਂ ਜਾਣਗੀਆਂ। ਇਸ ਦੌਰਾਨ ਪ੍ਰੋਗਰਾਮ ‘ਚ ਆਏ ਲੋਕਾਂ ਨੂੰ ਭਗਵੰਤ ਮਾਨ ਨੇ ਪ੍ਰਸ਼ਨ ਕੀਤਾ ਕਿ ‘ਆਪ’ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਕਿੰਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇਖੇ ਸਨ, ਜਿਸ ‘ਚ ਸਕੂਲਾਂ ਦਾ, ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਅਤੇ ਸਾਡੇ ਪੰਜਾਬ ਦੇ ਧੀਆਂ-ਪੁੱਤਾਂ ਨੂੰ ਨੌਕਰੀਆਂ ਮਿਲ ਰਹੀਆਂ ਹੋਣ। ਉਨ੍ਹਾਂ ਕਿਹਾ ਸਰਕਾਰ ਬਣਨ ਤੋਂ ਪਹਿਲਾਂ ਸਭ ਨੇ ਸਿਰਫ਼ ਰੈਲੀਆਂ ਦੇਖੀਆਂ ਹੋਣਗੀਆਂ।
ਮਾਨ ਸਰਕਾਰ ਨੇ ਕਿਹਾ ਕਿ ਮੈਂ ਲਾਇਬ੍ਰੇਰੀਆਂ ਦੇਖ ਕੇ ਆਇਆ ਹਾਂ, ਬੁਹਤ ਹੀ ਸ਼ਾਨਦਾਰ ਲਾਇਬ੍ਰੇਰੀਆਂ ਤਿਆਰ ਕੀਤੀਆਂ ਗਈਆਂ ਹਨ। ਲਾਇਬ੍ਰੇਰੀ ‘ਚ 31 ਸੀਟਾਂ ਅਤੇ ਸੋਫ਼ੇ ਲੱਗੇ ਹੋਏ ਹਨ। ਇੰਨਾ ਹੀ ਨਹੀਂ ਲਾਇਬ੍ਰੇਰੀਆਂ ‘ਚ ਏ.ਸੀ., ਇਨਵਰਟਰ, ਵਾਈ-ਫ਼ਾਈ, ਸ਼ਾਨਦਾਰ ਬਾਥਰੂਮ ਤੇ CCTV ਕੈਮਰੇ ਵੀ ਲੱਗੇ ਹੋਏ ਹਨ। ਲਾਇਬ੍ਰੇਰੀਆਂ ‘ਚ ਹਰ ਇਕ ਵਿਸ਼ੇ ਦੀ ਕਿਤਾਬ ਹੋਵੇਗੀ । ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ ,ਅਧਿਆਪਕਾਂ ਅਤੇ ਨੌਕਰੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੂੰ ਖੁਸ਼ਹਾਲ ਬਣਾਵਾਂਗੇ ਅਤੇ ਇਸ ਧਰਤੀ ਦਾ ਚਿਰਾਗ ਪੰਜਾਬ ਦਾ ਨਾਂ ਰੋਸ਼ਨ ਵੀ ਕਰਨਗੇ। ਉਨ੍ਹਾਂ ਕਿਹਾ ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਖ਼ਜ਼ਾਨਾ ਲੁੱਟਿਆ ਹੈ, ਉਨ੍ਹਾਂ ਲੋਕਾਂ ਨੂੰ ਮੈਂ ਆਪਣੇ ਹੁੰਦੇ ਹੋਏ ਨਹੀਂ ਛੱਡਾਂਗਾ। ਦਿਨ-ਰਾਤ ਇਹ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਨੇ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂ
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਹਰ ਸਾਲ ਪੁਲਸ ਦੀਆਂ 2200 ਭਰਤੀਆਂ ਕੱਢਾਂਗੇ । ਜਿਸ ਨਾਲ ਲੋਕ ਖੇਡਾਂ ਨਾਲ ਜੁੜਣਗੇ ਅਤੇ ਨਸ਼ੇ ਤੋਂ ਦੂਰ ਰਹਿਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਏਸ਼ੀਆ ਖੇਡਾਂ ‘ਚ ਕਲੇਰਾਂ ਪਿੰਡ ਦੇ ਜਸਵਿੰਦਰ ਸਿੰਘ ਨੂੰ ਦੋ ਮੈਡਲ ਜਿੱਤਣ ‘ਤੇ ਉਸ ਦੇ ਪਿਤਾ ਜਗਦੇਵ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਗੋਲਡ ਮੈਡਲ ਜਿੱਤਣ ਵਾਲੇ ਨੂੰ 70 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।