CM ਮਾਨ ਨੇ 710 ਨਵ-ਨਿਯੁਕਤ ਪਟਵਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ, ਸਮਾਗਮ ਦੌਰਾਨ ਕਹੀਆਂ ਇਹ ਖਾਸ ਗੱਲਾਂ

0
2226

ਚੰਡੀਗੜ੍ਹ | ਸੀਐਮ ਮਾਨ ਨੇ ਸ਼ੁੱਕਰਵਾਰ ਨੂੰ ਇਕ ਸਮਾਗਮ ਦੌਰਾਨ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰਾਂ ਜੋ ਲੋਕਾਂ ਦੀ ਪਰਵਾਹ ਨਹੀਂ ਕਰਦੀਆਂ ਤਾਂ ਸਵਾਲ ਉਠਣੇ ਸੁਭਾਵਿਕ ਹਨ। ਜਦੋਂ ਚੁਣੇ ਨੁਮਾਇੰਦੇ ਆਪਣੇ ਮਹਿਲਾਂ ਦੇ ਦਰਵਾਜ਼ੇ ਬੰਦ ਕਰ ਲੈਣ ਤਾਂ ਜਨਤਾ ਦਾ ਬੇਚੈਨ ਹੋਣਾ ਸੁਭਾਵਿਕ ਹੈ। ਪਿਛਲੀਆਂ ਸਰਕਾਰਾਂ ਨੇ ਲੋਕਾਂ, ਹਸਪਤਾਲਾਂ, ਨੌਜਵਾਨਾਂ, ਵਿੱਤੀ ਹਾਲਤ ਸੁਧਾਰ ਕਰਨ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨਵ ਨਿਯੁਕਤ 710 ਪਟਵਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਹਿਲਾਂ ਵੀ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਦੇ ਸਨ ਪਰ ਚੜ੍ਹਾਵਾ ਚੜ੍ਹਦਾ ਸੀ, ਪਰ ਇਸ ਵਾਰ ਸਰਕਾਰ ਨੇ ਖੁਦ ਸੁਨੇਹਾ ਦੇ ਕੇ ਬੁਲਾਇਆ ਹੈ। ਇਹੀ ਮੌਜੂਦਾ ਤੇ ਪਿਛਲੀਆਂ ਸਰਕਾਰਾਂ ਵਿਚ ਫ਼ਰਕ ਹੈ।

ਉਨ੍ਹਾਂ ਕਿਹਾ ਕਿ ਡੋਨੇਸ਼ਨ ਵੀ ਰਿਸ਼ਵਤ ਦਾ ਦੂਜਾ ਰੂਪ ਹੈ। ਉਨ੍ਹਾਂ ਕਿਹਾ ਕਿ ਚਾਹ-ਪਾਣੀ, ਸੇਵਾ, ਅਗਲੇ ਬੁੱਧਵਾਰ ਨੂੰ ਆਉਣਾ ਇਹ ਸਾਰੇ ਰਿਸ਼ਵਤ ਦੇ ਨਾਮ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਵਿਚ ਸ਼ਾਮਲ ਕੁਝ ਲੋਕ ਖੁਦ ਰਿਸ਼ਵਤ ਵਿਚ ਸ਼ਾਮਲ ਸਨ। ਮੁੱਖ ਮੰਤਰੀ ਨੇ ਕਿਹਾ ਕਿ ਰਿਸ਼ਵਤ ਉਪਰੋਂ ਚੱਲਦੀ ਹੈ। ਇਸ ਲਈ ਰਿਸ਼ਵਤ ਉਪਰ ਤੋਂ ਬੰਦ ਕਰਨੀ ਪਵੇਗੀ।

ਉਨ੍ਹਾਂ ਕਿਹਾ ਕਿ ਸਕੂਲਾਂ ਦੀ ਹਾਲਤ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ’ਤੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਪਟਵਾਰੀ ਦੀ ਪ੍ਰੀਖਿਆ ਵਿਚ ਕਰੀਬ ਇਕ ਲੱਖ ਵਿਦਿਆਰਥੀਆਂ ਨੇ ਟੈਸਟ ਦਿੱਤਾ ਸੀ, ਜਿਸ ਵਿਚ 700 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।