ਪਟਿਆਲਾ, 2 ਅਕਤੂਬਰ | ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਮਾਤਾ ਕੁਸ਼ੱਲਿਆ ਜੀ ਹਸਪਤਾਲ ਅੱਜ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਇਸ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਲਈ ਮਹੱਤਵਪੂਰਨ ਦਿਨ ਹੈ। ਅੱਜ ਮਹਾਤਮਾ ਗਾਂਧੀ ਜੀ ਦਾ ਜਨਮ ਦਿਵਸ ਹੈ ਅਤੇ ਅੱਜ ਤੋਂ ਹੀ ਪੰਜਾਬ ਵਿਚ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਿਹਤ ਕ੍ਰਾਂਤੀ ਦਾ ਮਤਲਬ ਜਦੋਂ ਅਸੀਂ ਚੋਣਾਂ ਲੜੀਆਂ ਸੀ ਤਾਂ ਗਾਰੰਟੀਆਂ ਦਿੱਤੀਆਂ ਸੀ, ਪਿਛਲੇ ਡੇਢ ਸਾਲ ਵਿਚ ਅਸੀਂ ਕਈ ਗਾਰੰਟੀਆਂ ਪੂਰੀਆਂ ਕੀਤੀਆਂ। ਸਾਡੀ ਗਾਰੰਟੀ ਸੀ ਕਿ ਜਨਤਾ ਦੇ ਪੂਰੇ ਇਲਾਜ ਦਾ ਖਰਚਾ ਸਰਕਾਰ ਕਰੇਗੀ।
ਛੋਟੀ ਬੀਮਾਰੀ ਹੋਵੇ ਜਾਂ ਵੱਡੀ ਸਰਕਾਰ ਖੁਦ ਇਲਾਜ ਕਰਵਾਏਗੀ। ਇਸ ਗਾਰੰਟੀ ਨੂੰ ਵੀ ਪੂਰਾ ਕਰਨ ਦਾ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਉਂਝ ਤਾਂ ਡੇਢ ਸਾਲ ਪਹਿਲਾਂ ਹੀ ਇਹ ਕੰਮ ਸ਼ੁਰੂ ਹੋ ਗਿਆ ਸੀ, ਜਿਸ ਤਹਿਤ ਪੰਜਾਬ ਵਿਚ 664 ਮੁਹੱਲਾ ਕਲੀਨਿਕ ਬਣਵਾ ਦਿੱਤੇ ਗਏ ਹਨ। ਜਿਨ੍ਹਾਂ ਵਿਚ ਛੋਟੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕਾਂ ਵਿਚ ਸਾਰੀਆਂ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ, ਟੈਸਟ ਫ੍ਰੀ ਹਨ। ਹੁਣ ਪੂਰੇ ਪੰਜਾਬ ਵਿਚ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਕਿਸੇ ਨੂੰ ਵੱਡੀ ਬੀਮਾਰੀ ਹੋ ਜਾਵੇ ਤਾਂ ਉਹ ਕਿੱਥੇ ਜਾਵੇਗਾ, ਉਸ ਦਾ ਇਲਾਜ ਮੁਹੱਲਾ ਕਲੀਨਿਕ ਵਿਚ ਨਹੀਂ ਹੋ ਸਕਦਾ।
ਮਾਤਾ ਕੌਸ਼ੱਲਿਆ ਹਸਪਤਾਲ ਲਈ 550 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਜੇਕਰ ਮੁਹੱਲਾ ਕਲੀਨਿਕਾਂ ‘ਚ ਇਲਾਜ ਨਹੀਂ ਹੁੰਦਾ ਅਤੇ ਬੀਮਾਰੀ ਵੱਡੀ ਹੈ ਤਾਂ ਜ਼ਿਲ੍ਹਾ ਹਸਪਤਾਲ ਇੰਨੇ ਵਧੀਆ ਬਣਾਵਾਂਗੇ ਕਿ ਮਰਜ਼ੀ ਤੁਹਾਡੀ ਹੋਵੇਗੀ ਕਿ ਤੁਸੀਂ ਇਲਾਜ ਕਿੱਥੇ ਕਰਵਾਉਣਾ ਹੈ। ਡਾਕਟਰਾਂ ਦੀ ਕਾਬਲੀਅਤ ਅਤੇ ਮਸ਼ੀਨਾਂ ਦੀ ਕੋਈ ਕਮੀ ਨਹੀਂ ਹੋਵੇਗੀ।