ਚੰਡੀਗੜ੍ਹ | ਨਵਜੋਤ ਸਿੱਧੂ ਦੇ ਅਸਤੀਫੇ ‘ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸਿੱਧੂ ਨਾਲ ਅੱਜ ਗੱਲ ਹੋਈ ਹੈ। ਉਨ੍ਹਾਂ ਨਾਲ ਮਿਲ ਕੇ ਮਾਮਲਾ ਹੱਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਪਾਰਟੀ ਦਾ ਮੁਖੀ ਹੁੰਦਾ ਹੈ। ਉਸ ਦੀ ਪਾਰਟੀ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜੇਕਰ ਕੁਝ ਗਲਤ ਹੋ ਰਿਹਾ ਹੈ ਤਾਂ ਉਨ੍ਹਾਂ ਨੂੰ ਸਲਾਹ ਦੇਣੀ ਚਾਹੀਦੀ ਹੈ। ਉਨ੍ਹਾਂ ਦੀ ਸਲਾਹ ਪਹਿਲਾਂ ਵੀ ਮੰਨੀ ਹੈ ਤੇ ਅੱਗੇ ਵੀ ਮੰਨੀ ਜਾਵੇਗੀ।
CM ਚੰਨੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿੰਦਿਆਂ ਨਾ ਬੇਈਮਾਨੀ ਤੇ ਨਾ ਗੱਦਰੀ ਕਰਨਗੇ। ਉਹ ਪੰਜਾਬ ਦੇ ਵੱਡੇ ਮੁੱਦੇ ਹੱਲ ਕਰਨ ਲਈ ਵਚਨਬੱਧ ਹਨ।
ਬਿਜਲੀ ਦਾ ਬਕਾਇਆ ਬਿੱਲ ਮਾਫ
ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ 2 ਕਿਲੋਵਾਟ ਤੱਕ ਦੇ ਲੋਡ ਵਾਲੇ ਮੀਟਰਾਂ ਦਾ ਬਕਾਇਆ ਬਿਜਲੀ ਬਿੱਲ ਪੰਜਾਬ ਸਰਕਾਰ ਭਰੇਗੀ। ਇਸ ਨਾਲ 53 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ਤੇ ਸਰਕਾਰ ਉਪਰ 1200 ਕਰੋੜ ਦੇ ਕਰੀਬ ਬੋਝ ਪਏਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ ਮਾਫੀਆ ਨੂੰ ਨੱਥ ਪਾਏਗੀ। ਇਸ ਲਈ ਸਰਕਾਰ ਕੰਮ ਕਰ ਰਹੀ ਹੈ ਤੇ ਸਫਲਤਾ ਵੀ ਮਿਲ ਰਹੀ ਹੈ। ਲੋਕਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਹਨ, ਮੈਂ ਉਹ ਦੂਰ ਕਰਨ ਲਈ ਵਚਨਬੱਧ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਹੈ। ਲੋਕਾਂ ਦੇ ਬਿੱਲ ਜ਼ਿਆਦਾ ਹੋਣ ਕਾਰਨ ਉਹ ਜ਼ਮ੍ਹਾ ਨਹੀਂ ਕਰਵਾ ਸਕੇ। ਇਸ ਲਈ ਕਈਆਂ ਦੇ ਕੁਨੈਕਸ਼ਨ ਵੀ ਕੱਟੇ ਗਏ ਹਨ।
ਹੁਣ ਇਨ੍ਹਾਂ ਦੇ ਬਕਾਇਆ ਬਿੱਲ ਸਰਕਾਰ ਭਰੇਗੀ ਤੇ ਜਿਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ, ਸਰਕਾਰ ਮੁਫ਼ਤ ਲਾਵੇਗੀ। ਚੰਨੀ ਨੇ ਕਿਹਾ ਕਿ ਮੈਂ ਇਕ-ਇਕ ਸਮੱਸਿਆ ਹੱਲ ਕਰਨ ਲਈ ਵਚਨਬੱਧ ਹਾਂ। ਲੋਕਾਂ ਦੀ ਪ੍ਰੇਸ਼ਾਨੀ ਦੂਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕ ਰਹੇ ਹਾਂ।