ਬਠਿੰਡਾ, 17 ਦਸੰਬਰ | ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਖੇ ‘ਵਿਕਾਸ ਕ੍ਰਾਂਤੀ ਰੈਲੀ’ ਮੌਕੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੰਦੇ ਹੋਏ 1125 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਆਮ ਰੈਲੀ ਨਹੀਂ ਹੈ, ਇਹ ਕੰਮ ਹੋਣ ਦੀ ਰੈਲੀ ਹੈ, ਜੋ ਪਹਿਲਾਂ ਪੰਜਾਬ ‘ਚੋਂ ਬੰਦ ਹੋ ਚੁੱਕੀਆਂ ਸਨ। ਪੰਜਾਬ ‘ਚ ਸਿਰਫ ਸਿਆਸੀ ਇਕੱਠ ਹੁੰਦਾ ਸੀ, ਕਦੇ ਕੋਈ ਆਸ ਦੀ ਕਿਰਨ ਵਾਲਾ ਇਕੱਠ ਨਹੀਂ ਹੁੰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਿੰਨੀ ਦੇਰ ਲੋਕ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਦੇ ਮੱਥੇ ‘ਤੇ ਕੋਈ ਵੀ ਤਿਓੜੀ ਨਹੀਂ ਪਾ ਸਕਦਾ।
ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ ਲੋਕ ਸਿਆਸਤ ਨੂੰ ਗੁੰਡਿਆਂ ਅਤੇ ਪੈਸਿਆਂ ਦੀ ਖੇਡ ਮੰਨਦੇ ਸੀ ਅਤੇ ਹੁਣ 8ਵੀਂ-9ਵੀਂ ਜਮਾਤ ‘ਚ ਪੜ੍ਹਨ ਵਾਲਾ ਬੱਚਾ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਇਹ ਕਹਿ ਕੇ ਪੈਸਾ ਦੇਣਾ ਬੰਦ ਕਰ ਦਿੱਤਾ ਕਿ ਪਹਿਲਾਂ ਆਮ ਆਦਮੀ ਕਲੀਨਿਕ ਬੰਦ ਕਰੋ। ਕੇਂਦਰ ਨੇ ਪੇਂਡੂ ਵਿਕਾਸ ਫੰਡ ਦਾ ਵੀ ਸਾਢੇ 5 ਕਰੋੜ ਰੋਕਿਆ ਹੋਇਆ ਹੈ।
ਇਸੇ ਤਰ੍ਹਾਂ ‘ਤੀਰਥ ਯਾਤਰਾ ਯੋਜਨਾ’ ਲਈ ਵੀ ਰੇਲਵੇ ਨੇ ਟਰੇਨਾਂ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਸਾਨੂੰ ਤੀਰਥ ਅਸਥਾਨਾਂ ‘ਤੇ ਜਾਣ ਤੋਂ ਕਿਵੇਂ ਰੋਕ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਸਾਡਾ ਹੱਕ ਹੈ, ਉਹ ਮੰਗਾਂਗੇ ਪਰ ਉਨ੍ਹਾਂ ਅੱਗੇ ਹੱਥ ਨਹੀਂ ਅੱਡਾਂਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੇਰੇ ਵਾਲੇ ਪਾਸਿਓਂ ਕਦੇ ਕੋਈ ਉਲਾਂਭਾ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਸਭ ਰਲ-ਮਿਲ ਕੇ ਕੰਮ ਕਰਾਂਗੇ ਅਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ।