ਪੰਜਾਬ ਪੁਲਿਸ ਨੂੰ ਲੈ ਕੇ CM ਭਗਵੰਤ ਮਾਨ ਨੇ ਕੀਤੇ ਵੱਡੇ ਐਲਾਨ, ਪੰਜਾਬੀਆਂ ਨੂੰ ਦਿੱਤੀ ਇਕ ਹੋਰ ਖ਼ੁਸ਼ਖ਼ਬਰੀ

0
557

ਚੰਡੀਗੜ੍ਹ, 17 ਜਨਵਰੀ | CM ਮਾਨ ਵੱਲੋਂ ਇਥੇ ਮਿਊਂਸੀਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ‘ਚ 461 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ 8 ਯੂ. ਪੀ. ਐੱਸ. ਸੀ. ਸੈਂਟਰ ਖੋਲ੍ਹੇ ਜਾਣਗੇ, ਜਿਥੇ ਨੌਜਵਾਨ ਮੁੰਡੇ-ਕੁੜੀਆਂ ਨੂੰ ਮੁਫ਼ਤ ਕੋਚਿੰਗ ਮਿਲੇਗੀ।

ਪੰਜਾਬ ਪੁਲਿਸ ਦਾ ਨਵੀਨੀਕਰਨ, ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ, ਮੋਟਰਸਾਈਕਲ ਅਤੇ ਕੰਪਿਊਟਰ ਮੁਹੱਈਆ ਕਰਵਾਏ ਗਏ ਹਨ ਕਿਉਂਕਿ ਪੰਜਾਬ ਪੁਲਿਸ ਅਪਰਾਧੀਆਂ ਤੋਂ ਇਕ ਕਦਮ ਅੱਗੇ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਨ੍ਹਾਂ ਨਾਲ ਬਹਾਦਰੀ ਨਾਲ ਲੜ ਸਕੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ ਪੁਲਿਸ ‘ਤੇ ਸਿਆਸੀ ਦਬਾਅ ਬਹੁਤ ਪੈਂਦਾ ਸੀ ਅਤੇ ਉੱਪਰੋਂ ਫੋਨ ਆ ਜਾਂਦੇ ਸਨ ਤਾਂ ਪੁਲਿਸ ਨੂੰ ਉਨ੍ਹਾਂ ਦੀ ਮੰਨਣੀ ਪੈਂਦੀ ਸੀ, ਜਿਸ ਕਾਰਨ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਟੁੱਟ ਜਾਂਦਾ ਸੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨਾਲ ਤਾਂ ਸਿਆਸੀ ਲੋਕ ਰਲੇ ਹੋਏ ਹਨ ਅਤੇ ਬਦਨਾਮ ਪੁਲਿਸ ਹੋ ਗਈ। ਇਸ ਲਈ ਹੁਣ ਸਾਡੀ ਸਰਕਾਰ ਇਸ ਰਾਹ ‘ਤੇ ਚੱਲ ਰਹੀ ਹੈ ਕਿ ਕਿਸੇ ‘ਤੇ ਵੀ ਗਲਤ ਪਰਚਾ ਨਹੀਂ ਪੈਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਕੋਲ ਆਧੁਨਿਕ ਤਕਨਾਲੋਜੀ ਹੋਵੇਗੀ ਅਤੇ ਪੰਜਾਬ ਪੁਲਿਸ ਦੇਸ਼ ਦੀ ਹਾਈਟੈੱਕ ਪੁਲਿਸ ਬਣੇਗੀ।

ਪੁਲਿਸ ਕੋਲ ਬਹੁਤ ਚੁਣੌਤੀਆਂ ਹਨ ਅਤੇ ਜੇਕਰ ਅਫ਼ਸਰਾਂ ਨੂੰ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੇ ਤਾਂ ਹੀ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਆਉਂਦੇ ਸਾਰ ਹੀ ਪੰਜਾਬ ਪੁਲਿਸ ਤੋਂ ਬੋਝ ਘਟਾਇਆ ਹੈ ਤਾਂ ਜੋ ਉਹ ਵੀ ਆਪਣੀ ਡਿਊਟੀ ‘ਤੇ ਖੁਸ਼ੀ-ਖੁਸ਼ੀ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅੱਜ 150 ਨਵੇਂ ਹੈੱਡ ਕਾਂਸਟੇਬਲ ਭਰਤੀ ਹੋਏ ਹਨ। ਸਾਡੀਆਂ ਧੀਆਂ-ਭੈਣਾਂ ਵੀ ਕਿਸੇ ਤੋਂ ਘੱਟ ਨਹੀਂ ਹਨ। ਮੁੱਖ ਮੰਤਰੀ ਮਾਨ ਨੇ ਸਭ ਨੂੰ ਮਿਲ-ਜੁਲ ਕੇ ਕੰਮ ਕਰਨ ਲਈ ਕਿਹਾ।

ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਖ਼ੁਸ਼ਖ਼ਬਰੀ ਦਿੰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਦਾ 26 ਜਨਵਰੀ ਨੂੰ ਉਦਘਾਟਨ ਕੀਤਾ ਜਾਵੇਗਾ ਅਤੇ ਇਸ ਸਮੇਂ ਤੱਕ ਮੁਲਾਜ਼ਮਾਂ ਦੀ ਟ੍ਰੇਨਿੰਗ ਵੀ ਖ਼ਤਮ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਨੂੰ 129 ਆਧੁਨਿਕ ਗੱਡੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 37 ਲੱਖ ਰੁਪਏ ਦੇ ਕਰੀਬ ਹੈ। ਇਨ੍ਹਾਂ ‘ਚ ਕੰਪਿਊਟਰ ਅਤੇ ਕੈਮਰੇ ਲੱਗੇ ਹੋਏ ਹਨ ਅਤੇ ਸਾਰੇ ਮੁਲਾਜ਼ਮਾਂ ਨੂੰ ਨਵੀਂ ਵਰਦੀ ਦਿੱਤੀ ਗਈ ਹੈ। ਇਕ ਫਰਵਰੀ ਤੋਂ ਪੰਜਾਬ ਦੀ ਜਨਤਾ ਨੂੰ ਇਹ ਸਾਰੇ ਮੁਲਾਜ਼ਮ ਸੜਕਾਂ ‘ਤੇ ਖੜ੍ਹੇ ਮਿਲਣਗੇ।

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)