ਹਰਿਆਣਾ, 28 ਜਨਵਰੀ | ਲੋਕ ਸਭਾ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ‘ਆਪ’ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਜੀਂਦ ‘ਚ ਬਦਲਾਅ ਦੀ ਰੈਲੀ ਕੀਤੀ ਗਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਪੰਜਾਬ ਵਿਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ, ਉਥੇ ਹੀ ਭਾਜਪਾ ‘ਤੇ ਤਿੱਖੇ ਸ਼ਬਦੀ ਹਮਲੇ ਵੀ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਨੌਜਵਾਨਾਂ ਨੂੰ ਰੋਜ਼ਗਾਰ ਦਿੱਤੇ ਜਾ ਰਹੇ ਹਨ। ਹੁਣ ਤੱਕ ਅਸੀਂ 42 ਹਜ਼ਾਰ ਨੌਕਰੀਆਂ ਪੰਜਾਬ ਵਿਚ ਦੇ ਚੁੱਕੇ ਹਾਂ। ਸਾਡੇ ਪੰਜਾਬ ਵਿਚ ਕੋਈ ਸਿਫ਼ਾਰਿਸ਼ ਨਹੀਂ ਚਲਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਤੁਹਾਡਾ ਦਰਵਾਜ਼ਾ ਖੜ੍ਹਕਾਉਂਦੀ ਹੈ ਕਿ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
ਮੈਨੂੰ ਕੋਈ ਪੈਸੇ ਦੀ ਕਮੀ ਨਹੀਂ ਹੈ। ਸਾਡੇ ਕੰਮਾਂ ਨੂੰ ਵੇਖਦੇ ਹੋਏ ਹੀ ਪਹਿਲੀ ਵਾਰ ਪੰਜਾਬ ਵਿਚ 92 ਸੀਟਾਂ ਮਿਲੀਆਂ ਹਨ। ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਗੱਲ ਜੁਮਲੇ ਨਿਕਲੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਕੇਂਦਰ ਸਰਕਾਰ ਜੁਮਲੇ ਸੁਣਾਏਗੀ। ਇਹ ਪਬਲਿਕ ਹੈ, ਜੋ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ, ਮੋਦੀ ਜੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਮੋਦੀ ਜੀ ਨੂੰ ਚਾਹ ਵੀ ਬਣਾਉਣੀ ਆਉਂਦੀ ਹੈ ਜਾਂ ਨਹੀਂ। ਇਹ ਕੀ ਸੋਚਦੇ ਹਨ ਕਿ ਇਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਇਹ ਗਲਤਫ਼ਹਿਮੀ ਵਿਚ ਹਨ। ਇਨ੍ਹਾਂ ਦੀ ਗਲਤਫ਼ਹਿਮੀ ਪੰਜਾਬ ਵਿਚ ਦੂਰ ਹੋ ਚੁੱਕੀ ਹੈ।