CM ਮਾਨ ਨੇ ਸ਼ੂਟਰ ਸਿਫ਼ਤ ਕੌਰ ਨੂੰ ਸੌਂਪਿਆ 1 ਕਰੋੜ 75 ਲੱਖ ਦਾ ਚੈੱਕ, ਸ਼ਾਨਦਾਰ ਪ੍ਰਦਰਸ਼ਨ ਲਈ ਕੀਤਾ ਸਨਮਾਨਿਤ

0
1298

ਫ਼ਰੀਦਕੋਟ, 18 ਜਨਵਰੀ|  ਗੋਲਡਨ ਗਰਲ  ਤੇ ਸ਼ੂਟਰ ਸਿਫ਼ਤ ਕੌਰ ਸਮਰਾ ਨੇ ਬੀਤੇ ਸਮੇਂ ਦੌਰਾਨ ਚੀਨ ਵਿਖੇ ਹੋਈ ਉਲੰਪਿਕ ’ਚ ਵਿਅਕਤੀ ਰੂਪ ’ਚ ਸੋਨ ਤਗਮਾ ਅਤੇ ਟੀਮ ਲਈ ਚਾਂਦੀ ਦਾ ਮੈਡਲ ਜਿੱਤਿਆ ਸੀ, ਇਸ ਦੇ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ ਦੇ ਸੈਕਟਰ 35 ਦੇ ਪੰਜਾਬ ਮਿਊਂਸਪਲ ਭਵਨ ਵਿਖੇ ਕੀਤੇ ਸਮਾਗਮ ’ਚ ਪੰਜਾਬ ਸਰਕਾਰ ਵੱਲੋਂ 1 ਕਰੋੜ 75 ਲੱਖ ਦਾ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਭਵਿੱਖ ’ਚ ਹੋਰ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ  ਵੀ ਦਿੱਤੀਆਂ।

ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਸਪੈਸ਼ਲ ਮੁੱਖ ਸਕੱਤਰ ਖੇਡ ਵਿਭਾਗ ਪੰਜਾਬ ਸਰਵਜੀਤ ਸਿੰਘ, ਵਿਸ਼ੇਸ਼ ਸਕੱਤਰ ਖੇਡ ਵਿਭਾਗ ਪੰਜਾਬ ਆਨੰਦ ਕੁਮਾਰ, ਡਾਇਰੈਕਟਰ ਯੁਵਕ ਸੇਵਾਵਾਂ ਤੇ ਖੇਡ ਵਿਭਾਗ ਪੰਜਾਬ ਹਰਪ੍ਰੀਤ ਸਿੰਘ ਸੂਦਨ ਹਾਜ਼ਰ ਸਨ।

ਇਸ ਸਬੰਧੀ ਸਿਫ਼ਤ ਕੌਰ ਸਮਰਾ ਨਾਲ ਗੱਲ ਕਰਨ ਤੇ ਉਨ੍ਹਾਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ’ਚ ਦੇਸ਼ ਲਈ ਹੋਰ ਪ੍ਰਾਪਤੀਆਂ ਵਾਸਤੇ ਸਖ਼ਤ ਮਿਹਨਤ ਕਰੇਗੀ।

ਕੌਮਾਂਤਰੀ ਸ਼ੂਟਰ ਸਿਫ਼ਤ ਕੌਰ ਸਮਰਾ ਨੂੰ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਸਨਮਾਨ ਮਿਲਣ ਤੇ ਉਸ ਨੂੰ ਉਨ੍ਹਾਂ ਦੇ ਪਿਤਾ ਪਵਨਦੀਪ ਸਿੰਘ ਬੰਪੀ ਸਮਰਾ, ਮਾਤਾ ਰਮਣੀਕ ਕੌਰ ਸਮਰਾ ਨੂੰ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਹਲਕਾ ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਹਲਕਾ ਜੈਤੋ ਅਮਲੋਕ ਸਿੰਘ, ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫ਼ਰੀਦਕੋਟ ਸੁਖਜੀਤ ਸਿੰਘ ਢਿੱਲਵਾਂ ਸਣੇ ਕਈ ਲੋਕਾਂ ਨੇ ਵਧਾਈ ਦਿੱਤੀ ਹੈ।