ਗੁਰਦਾਸਪੁਰ : ਚਰਚ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ, ਨਿਹੰਗ ਸਿੰਘਾਂ ਨੇ ਰੁਕਵਾਈ ਉਸਾਰੀ

0
1712

ਗੁਰਦਾਸਪੁਰ | ਡੇਰਾ ਬਾਬਾ ਨਾਨਕ ਵਿਚ ਇਕ ਵਾਰ ਫਿਰ ਨਿਹੰਗ ਸਿੰਘਾਂ ਅਤੇ ਈਸਾਈ ਭਾਈਚਾਰਾ ਆਹਮੋ-ਸਾਹਮਣੇ ਹੋ ਗਿਆ । ਪਿੰਡ ਨਿੱਕੋਸਰਾ ਵਿਚ ਚਰਚ ਦੀ ਉਸਾਰੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਪੁਲਿਸ ਨੂੰ ਦਖ਼ਲ ਦੇਣ ਲਈ ਬੁਲਾਇਆ ਗਿਆ ਅਤੇ ਦੋਵਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਚਰਚ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਮੱਲੋਹ ਵਾਲੇ ਬਾਬੇ ਦਾ ਕਾਫੀ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ, ਉਸ ਦੀ ਧੀ ਦੇ 2 ਬੱਚੇ ਸਨ, ਜਿਨ੍ਹਾਂ ਵਿੱਚੋਂ ਛੋਟੇ ਪੁੱਤਰ ਨੇ ਈਸਾਈ ਧਰਮ ਅਪਣਾ ਲਿਆ ਸੀ। ਉਹ ਇਸ ਜ਼ਮੀਨ ‘ਤੇ ਇਕ ਚਰਚ ਬਣਾਉਣਾ ਚਾਹੁੰਦਾ ਸੀ, ਜਿਸ ‘ਤੇ ਲੋਕਾਂ ਨੇ ਇਤਰਾਜ਼ ਕੀਤਾ। ਇੰਨਾ ਹੀ ਨਹੀਂ ਇਹ ਜ਼ਮੀਨ ਵੀ ਪਿੰਡ ਵਾਸੀਆਂ ਦੀ ਹੈ ਅਤੇ ਇਸ ‘ਤੇ ਕਿਸੇ ਇਕ ਪਰਿਵਾਰ ਦਾ ਕੋਈ ਹੱਕ ਨਹੀਂ ਹੈ।


ਦੂਜੇ ਪਾਸੇ ਉਨ੍ਹਾਂ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਦੇ ਨਾਨਕਿਆਂ ਦੀ ਹੈ। ਇਹ ਜ਼ਮੀਨ ਉਸ ਦੀ ਮੌਤ ਤੋਂ ਬਾਅਦ ਖਾਲੀ ਪਈ ਸੀ। ਇਸੇ ਲਈ ਉਹ ਇਸ ਜ਼ਮੀਨ ‘ਤੇ ਚਰਚ ਬਣਾਉਣਾ ਚਾਹੁੰਦਾ ਸੀ ਪਰ ਪਿੰਡ ਵਾਸੀ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਹਨ।

ਜਦੋਂ ਮਾਮਲਾ ਭਖਿਆ ਤਾਂ ਪਿੰਡ ਦੇ ਲੋਕਾਂ ਨੇ ਨਿਹੰਗ ਸਿੰਘਾਂ ਨੂੰ ਬੁਲਾ ਲਿਆ। ਮੌਕੇ ’ਤੇ ਪੁੱਜੀ ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ ਅਤੇ ਵਿਵਾਦਤ ਜ਼ਮੀਨ ’ਤੇ ਚਰਚ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।