ਖੋਜ ‘ਚ ਦਾਅਵਾ : ਕੋਰੋਨਾ ਤੋਂ ਬਾਅਦ ਹੋ ਸਕਦੀ ਹੈ ‘ਫੇਸ ਬਲਾਇੰਡਨੈੱਸ’ ਦੀ ਸਮੱਸਿਆ

0
953

ਹੈਲਥ ਡੈਸਕ | ਕੋਰੋਨਾ ਇਨਫੈਕਸ਼ਨ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਨੂੰ ਲੈ ਕੇ ਖੋਜਕਰਤਾ ਲਗਾਤਾਰ ਨਵੇਂ-ਨਵੇਂ ਸਿੱਟੇ ਸਾਹਮਣੇ ਲਿਆਉਂਦੇ ਰਹੇ ਹਨ। ਇਕ ਹਾਲੀਆ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਦੇ ਕਾਰਨ ਕਈ ਲੋਕਾਂ ਨੂੰ ‘ਫੇਸ ਬਲਾਇੰਡਨੈੱਸ’ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕੋਟੈਕਸ ਜਰਨਲ ’ਚ ਛਪੇ ਅਧਿਐਨ ’ਚ ਕੋਰੋਨਾ ਤੋਂ ਬਾਅਦ ਪਹਿਲੀ ਵਾਰੀ ‘ਪ੍ਰੋਸੋਪੈਗਨੋਸੀਆ’ ਯਾਨੀ ਫੇਸ ਬਲਾਇੰਡਨੈੱਸ ਦੀ ਰਿਪੋਰਟ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਇਹ ਪਤਾ ਸੀ ਕਿ ਕੋਰੋਨਾ ਕਈ ਨਿਊਰੋਲਾਜਿਕਲ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ, ਜਿਸ ਵਿਚ ਗੰਧ ਤੇ ਸਵਾਦ ਸ਼ਾਮਲ ਹੈ। ਇਸ ਦੇ ਨਾਲ ਹੀ ਧਿਆਨ, ਯਾਦਦਾਸ਼ਤ, ਭਾਸ਼ਣ ਤੇ ਭਾਸ਼ਾ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਮਰੀਕਾ ਦੇ ਡਾਰਟਮਾਊਥ ਕਾਲਜ ਦੇ ਖੋਜਕਰਤਾ ਆਪਣੇ ਅਧਿਐਨ ’ਚ ਏਨੀ ਨਾਂ ਦੇ ਇਕ 28 ਸਾਲਾ ਅੰਸ਼ਕਾਲੀ ਚਿੱਤਰਕਾਰ ਦੇ ਕੇਸ ਦਾ ਵਰਣਨ ਕਰਦੇ ਹਨ। ਮਾਰਚ, 2020 ’ਚ ਕੋਵਿਡ ਤੋਂ ਠੀਕ ਹੋਣ ਦੇ 2 ਮਹੀਨੇ ਬਾਅਦ ਏਨੀ ਮੁੜ ਇਨਫੈਕਟਿਡ ਹੋ ਗਈ। ਇਸ ਦੇ ਕੁਝ ਸਮਾਂ ਬਾਅਦ ਉਸ ਨੇ ਚਿਹਰੇ ਦੀ ਪਛਾਣ ਕਰਨ ਤੇ ਨੈਵੀਗੇਸ਼ਨ ’ਚ ਮੁਸ਼ਕਲ ਮਹਿਸੂਸ ਕੀਤੀ।

ਡਾਰਟਮਾਊਥ ’ਚ ਸੋਸ਼ਲ ਪਰਸੈਪਸ਼ਨ ਲੈਬ ਦੀ ਮੈਂਬਰ ਤੇ ਮਨੋਵਿਗਿਆਨੀ ਮੈਰੀ ਲੁਈ ਕੈਸਲਰ ਨੇ ਕਿਹਾ ਕਿ ਏਨੀ ਹੁਣ ਆਪਣੇ ਜਾਣਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੀ ਆਵਾਜ਼ ’ਤੇ ਨਿਰਭਰ ਹੈ। ਉਸ ਨੇ ਪ੍ਰੋਸੋਪੈਗਨੋਸੀਆ ਦੇ ਨਾਲ ਨੈਵੀਗੇਸ਼ਨਲ ਡੈਫਿਸਿਟ ਦਾ ਵੀ ਤਜਰਬਾ ਕੀਤਾ। ਇਸ ਦੇ ਹੋਰ ਲੋਕਾਂ ’ਤੇ ਜਾਂਚ ਲਈ ਲਈ ਟੀਮ ਨੇ 54 ਵਿਅਕਤੀਆਂ ਦੇ ਡਾਟਾ ਦਾ ਪ੍ਰੀਖਣ ਕੀਤਾ। ਲੰਬੇ ਸਮੇਂ ਤੱਕ ਕੋਰੋਨਾ ਤੋਂ ਪੀੜਤ ਰਹੇ ਉਮੀਦਵਾਰਾਂ ’ਚ ਜ਼ਿਆਦਾਤਰ ਨੇ ਕਿਹਾ ਕਿ ਉਨ੍ਹਾਂ ਦੀ ਧਾਰਨਾ ਸਮਰੱਥਾ ਘੱਟ ਹੋ ਗਈ ਸੀ। ਖੋਜਕਰਤਾਵਾਂ ਨੇ ਕਿਹਾ ਕਿ ਇਹ ਕੁਝ ਅਜਿਹਾ ਹੈ ਜਿਸ ਤੋਂ ਲੋਕਾਂ ਨੂੰ ਜਾਣੂ ਹੋਣਾ ਚਾਹੀਦਾ ਹੈ।