ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ ਸੀ.ਆਈ.ਏ. ਦੀ ਰੇਡ, ਨਸ਼ੇ ਵਾਲੇ ਪਦਾਰਥ ਬਰਾਮਦ, ਕਈ ਗ੍ਰਿਫਤਾਰ

0
398

ਲੁਧਿਆਣਾ | ਸੀ.ਆਈ.ਏ. ਸਟਾਫ਼ ਨੇ ਲੁਧਿਆਣਾ ਸ਼ਹਿਰ ਦੀਆਂ ਨਾਮੀ ਪਾਨ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਦੀ ਛਾਪੇਮਾਰੀ ਦੌਰਾਨ ਕਈ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਪੌਸ਼ ਇਲਾਕਿਆਂ ‘ਚ ਨਾਬਾਲਗਾਂ ਨੂੰ ਧੜਲੇ ਨਾਲ ਨਸ਼ੇ ਵਾਲੇ ਪਦਾਰਥ ਖਵਾਏ ਜਾ ਰਹੇ ਹਨ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੀਆਂ ਹਦਾਇਤਾਂ ’ਤੇ ਸੀਆਈਏ-1 ਅਤੇ ਸੀਆਈਏ-2 ਨੇ ਕਰੀਬ 10 ਤੋਂ 15 ਥਾਵਾਂ ’ਤੇ ਛਾਪੇਮਾਰੀ ਕੀਤੀ। ਸੂਤਰਾਂ ਅਨੁਸਾਰ ਸੀਆਈਏ-1 ਅਤੇ ਸੀਆਈਏ-2 ਦੇ ਇੰਚਾਰਜ ਰਾਜੇਸ਼ ਸ਼ਰਮਾ ਅਤੇ ਬੇਅੰਤ ਜੁਨੇਜਾ ਨੇ ਸਾਂਝੇ ਤੌਰ ’ਤੇ 3 ਤੋਂ 4 ਟੀਮਾਂ ਬਣਾ ਕੇ ਨਸ਼ੇ ਵਾਲੇ ਪਦਾਰਥਾਂ ’ਤੇ ਛਾਪੇਮਾਰੀ ਕੀਤੀ। ਦੇਰ ਸ਼ਾਮ ਮਲਹਾਰ ਰੋਡ, ਸਾਊਥ ਸਿਟੀ, 32 ਸੈਕਟਰ, ਗੋਲ ਮਾਰਕੀਟ, ਸ਼ਿੰਗਾਰ ਰੋਡ, ਹੰਬੜਾ ਰੋਡ ਆਦਿ ‘ਤੇ ਛਾਪੇਮਾਰੀ ਕੀਤੀ ਗਈ | ਪਾਨ ਦੀਆਂ ਦੁਕਾਨਾਂ ਦੇ ਬਾਹਰ ਪੁਲਿਸ ਦੀਆਂ ਗੱਡੀਆਂ ਦੇਖ ਕੇ ਕਈ ਨੌਜਵਾਨ ਭੱਜ ਗਏ।


ਜਦੋਂ ਪੁਲਿਸ ਟੀਮ ਨੇ ਮਲਹਾਰ ਰੋਡ ’ਤੇ ਛਾਪਾ ਮਾਰਿਆ ਤਾਂ ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ। ਕਈ ਦੁਕਾਨਦਾਰਾਂ ਨੇ ਕਾਫੀ ਹੁੱਕਾ ਲੁਕਾ ਕੇ ਰੱਖਿਆ ਹੋਇਆ ਸੀ, ਜਿਸ ਦਾ ਪਤਾ ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲਿਆ। ਛਾਪੇਮਾਰੀ ਤੋਂ ਬਾਅਦ ਪੁਲਿਸ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ।

ਮਲਹਾਰ ਰੋਡ ‘ਤੇ ਕਈ ਦੁਕਾਨਦਾਰਾਂ ਨੇ ਦੁਕਾਨਾਂ ਦੇ ਅੰਦਰੋਂ ਚੋਰ ਰਸਤਿਆਂ ਅਤੇ ਪੌੜੀਆਂ ਨੂੰ ਬਾਹਰ ਕੱਢ ਲਿਆ ਸੀ, ਜਿੱਥੇ ਨਸ਼ੇ ਲੁਕਾਏ ਹੋਏ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਹੁੱਕਾ, ਕਾਗਜ਼ੀ ਸਿਗਰਟ, ਨਸ਼ੀਲੇ ਪਦਾਰਥ, ਵਿਦੇਸ਼ੀ ਫਲੇਵਰ ਅਤੇ ਹੋਰ ਕਈ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੱਸ ਦੇਈਏ ਕਿ ਇਨ੍ਹਾਂ ਦੁਕਾਨਾਂ ਤੋਂ ਕਈ ਨੌਜਵਾਨ ਮਹਿੰਗੇ ਭਾਅ ਹੁੱਕਾ ਖਰੀਦ ਕੇ ਲੈ ਜਾਂਦੇ ਹਨ। ਸ਼ਾਮ ਵੇਲੇ ਇਨ੍ਹਾਂ ਦੁਕਾਨਾਂ ਦੇ ਬਾਹਰ ਵਾਹਨਾਂ ਵਿੱਚ ਹੁੱਕਾ ਬਾਰ ਬਣਾਇਆ ਜਾਂਦਾ ਹੈ।