ਅਮਰੀਕਾ ਵਿਚ 7ਵੀਂ ਕਲਾਸ ਦੇ ਵਿਦਿਆਰਥੀ ਨੇ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਕੀਤਾ ਹੈ। ਬੱਸ ਤੋਂ ਘਰ ਜਾਣ ਦੌਰਾਨ ਉਸ ਦਾ ਡਰਾਈਵਰ ਬੇਹੋਸ਼ ਹੋ ਗਿਆ ਜਿਸ ਦੇ ਬਾਅਦ ਲੜਕੇ ਨੇ ਫੁਰਤੀ ਦਿਖਾਉਂਦੇ ਹੋਏ ਬੱਸ ਨੂੰ ਰੋਕਿਆ।
ਘਟਨਾ ਅਮਰੀਕਾ ਦੇ ਮਿਸ਼ੀਗਨ ਦੀ ਹੈ ਜਿਸ ਦਾ ਵੀਡੀਓ ਦੁਨੀਆ ਭਰ ਵਿਚ ਵਾਇਰਲ ਹੋ ਰਿਹਾ ਹੈ। ਵਾਰੇਨ ਕੰਸੋਲਿਡੇਟੇਡ ਸਕੂਲ ਵੱਲੋਂ ਜਾਰੀ ਵੀਡੀਓ ਵਿਚ ਦਿਖ ਰਿਹਾ ਹੈ ਕਿ ਡਰਾਈਵਰ ਦਾ ਸਿਰ ਤੇਜ਼ ਨਾਲ ਹਿਲ ਰਿਹਾ ਹੈ ਤੇ ਬਾਅਦ ਵਿਚ ਇਕ ਪਾਸੇ ਵੱਲ ਝੁਕ ਜਾਂਦਾ ਹੈ।
ਘਟਨਾ ਦੇ ਕੁਝ ਹੀ ਦੇਰ ਬਾਅਦ ਵਿਦਿਆਰਥੀ ਡਿਲਨ ਰੀਵਸ ਕੈਮਰੇ ਦੇ ਫਰੇਮ ਵਿਚ ਦਿਖਦਾ ਹੈ ਤੇ ਸਟੇਅਰਿੰਗ ਵ੍ਹੀਲ ਨੂੰ ਫੜ ਲੈਂਦਾ ਹੈ। ਉੁਹ ਬੱਸ ਨੂੰ ਬ੍ਰੇਕ ਜ਼ਰੀਏ ਸੁਰੱਖਿਅਤ ਰੋਕਣ ਵਿਚ ਸਫਲ ਰਿਹਾ। ਸੁਪਰੀਡੈਂਟ ਰਾਬਰਟ ਲਿਵਰਨਾਇਸ ਮੁਤਾਬਕ ਇਸ ਦੌਰਾਨ ਬੱਸ ਟ੍ਰੈਫਿਕ ਨਾਲ ਟਕਰਾਉਣ ਵਾਲੀ ਸੀ।
ਜਿਸ ਦੌਰਾਨ ਇਹ ਘਟਨਾ ਵਾਪਰੀ ਉਸ ਸਮੇਂ ਬੱਸ ਵਿਚ 66 ਲੋਕ ਮੌਜੂਦ ਸਨ। ਘਟਨਾ ਦੌਰਾਨ ਬਾਕੀ ਬੱਚੇ ਡਰ ਨਾਲ ਚੀਕਣ ਲੱਗੇ। ਲਿਵਰਨਾਇਸ ਮੁਤਾਬਕ ਡਾਈਵਰ ਨੇ ਐਮਜੈਂਸੀ ਸਿਗਨਲ ਭੇਜ ਕੇ ਦੱਸ ਦਿੱਤਾ ਸੀ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਤੇ ਗੱਡੀ ਨੂੰ ਰੋਕ ਦੇਵੇਗਾ।
7ਵੀਂ ਵਿਚ ਪੜ੍ਹਨ ਵਾਲਾ ਵਿਦਿਆਰਥੀ ਡਿਲਨ ਡਰਾਈਵਰ ਦੇ ਪਿੱਛੇ ਦੀ 5ਵੀਂ ਲਾਈਨ ਵਿਚ ਬੈਠਾ ਸੀ। ਇਸ ਦੇ ਬਾਵਜੂਦ ਚਾਲਕ ਦੇ ਬੇਹੋਸ਼ ਹੋਣ ਦੇ ਕੁਝ ਹੀ ਸਕਿੰਟਾਂ ਵਿਚ ਉਹ ਅੱਗੇ ਆ ਗਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਸਟੇਅਰਿੰਗ ਨੂੰ ਫੜਿਆ ਹੋਇਆ ਹੈ ਤੇ ਗੱਡੀ ਨੂੰ ਬ੍ਰੇਕ ਲਗਾ ਰਿਹਾ ਹੈ।