ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਗਲੋਬਲ ਟੂਰਿਜ਼ਮ ਹੱਬ ਵਜੋਂ ਉਭਾਰਨ ਲਈ ਟੀਚਾ ਰੱਖ ਕੇ ਕੀਤੀਆਂ ਪਹਿਲਕਦਮੀਆਂ

0
211

ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸੈਰ ਸਪਾਟੇ ਦੇ ਪ੍ਰਮੁੱਖ ਕੇਂਦਰ ਵਜੋਂ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੁਗਲ, ਸਿੱਖ ਤੇ ਬ੍ਰਿਟਿਸ਼ ਯੁੱਗ ਦੀਆਂ ਇਮਾਰਤਾਂ ਦੁਆਰਾ ਪ੍ਰਦਰਸ਼ਿਤ ਇੱਕ ਅਮੀਰ ਸੱਭਿਆਚਾਰਕ ਤੇ ਇਤਿਹਾਸਕ ਵਿਰਾਸਤ ਦੇ ਨਾਲ ਪੰਜਾਬ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਮਾਨ ਪੰਜਾਬ ਨੂੰ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ‘ਤੇ ਲਿਆਉਣ ਦੇ ਚਾਹਵਾਨ ਹਨ ਤੇ ਨਿੱਜੀ ਤੌਰ ‘ਤੇ ਇਨ੍ਹਾਂ ਯਤਨਾਂ ਦੀ ਨਿਗਰਾਨੀ ਕਰ ਰਹੇ ਹਨ।

ਸਰਕਾਰ ਦਾ ਟੀਚਾ ਪੰਜਾਬ ਨੂੰ ਸੈਰ-ਸਪਾਟਾ ਖੇਤਰ ਵਿਚ ਭਾਰਤ ਦੇ ਦੂਜੇ ਰਾਜਾਂ ਦੇ ਮੁਕਾਬਲੇ ਮੋਹਰੀ ਸਥਾਨ ‘ਤੇ ਪਹੁੰਚਾਉਣਾ ਹੈ। ਪ੍ਰਮੁੱਖ ਪਹਿਲਕਦਮੀਆਂ ਵਿੱਚੋਂ ਰਣਜੀਤ ਸਾਗਰ ਝੀਲ ਨੂੰ ਰਾਜ ਦੀ ਸੈਰ ਸਪਾਟੇ ਦੀ ਅਪੀਲ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਪ੍ਰੋਜੈਕਟ ਵਜੋਂ ਪਛਾਣਿਆ ਗਿਆ ਹੈ। ਇਸ ਸੈਕਟਰ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਨਿਵੇਸ਼ਕ ਪੱਖੀ ਅਤੇ ਉਦਯੋਗ ਪੱਖੀ ਨੀਤੀਆਂ ਲਾਗੂ ਕੀਤੀਆਂ ਹਨ। ਕਪੂਰਥਲਾ ਵਿਚ ਦਰਬਾਰ ਹਾਲ ਅਤੇ ਗੋਲ ਕੋਠੀ, ਸੰਗਰੂਰ ਦੀ ਕੋਠੀ, ਸਰਹਿੰਦ ਵਿਚ ਆਮ ਖਾਸ ਬਾਗ, ਰੂਪਨਗਰ ਵਿਚ ਪਿੰਕਸ਼ੀਆ ਟੂਰਿਸਟ ਕੰਪਲੈਕਸ ਤੇ ਪਠਾਨਕੋਟ ਵਿਚ ਕੁਲਾਰਾ ਟਾਪੂ ਵਰਗੀਆਂ ਪ੍ਰਸਿੱਧ ਵਿਰਾਸਤੀ ਥਾਵਾਂ ਨੂੰ ਸੈਰ-ਸਪਾਟੇ ਲਈ ਵਿਕਸਤ ਕੀਤਾ ਗਿਆ ਹੈ।

ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਨੂੰ ਰਾਸ਼ਟਰੀ ਪੱਧਰ ‘ਤੇ ਖੇਤੀ ਸੈਰ-ਸਪਾਟੇ ਵਿਚ ਇਸ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ‘ਭਾਰਤ ਦੇ ਸਰਵੋਤਮ ਸੈਰ-ਸਪਾਟਾ ਪਿੰਡ 2024 ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹੰਸਾਲੀ ਨੇ ਖੇਤੀਬਾੜੀ ਸੈਰ ਸਪਾਟੇ ਵਿਚ ਇਹ ਵੱਕਾਰੀ ਸਨਮਾਨ ਹਾਸਲ ਕੀਤਾ ਹੈ। ਇਹ ਮਾਨਤਾ ਮੁੱਖ ਤੌਰ ‘ਤੇ ਹੰਸਾਲੀ ਆਰਗੈਨਿਕ ਫਾਰਮ ਦੇ ਮਾਲਕ ਸੁਖਚੈਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪੁੱਤਰ ਪਾਵੇਲ ਗਿੱਲ ਦੇ ਨਿਰੰਤਰ ਯਤਨਾਂ ਦੇ ਨਾਲ-ਨਾਲ ਪੰਜਾਬ ਸੈਰ-ਸਪਾਟਾ ਵਿਭਾਗ ਦੇ ਸਮਰਪਿਤ ਸਹਿਯੋਗ ਨਾਲ ਪ੍ਰਾਪਤ ਹੋਈ ਹੈ। ਹੰਸਾਲੀ ਖੇਤੀ-ਅਧਾਰਤ ਸੈਰ-ਸਪਾਟਾ ਅਤੇ ਜੈਵਿਕ ਖੇਤੀ ਲਈ ਇੱਕ ਮਿਸਾਲੀ ਪੇਂਡੂ ਸਥਾਨ ਵਜੋਂ ਉਭਰਿਆ ਹੈ। ਵਰਨਣਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਰਦਾਰਾਂ ਨੂੰ ਪਿਛਲੇ ਸਾਲ ਬੈਸਟ ਟੂਰਿਜ਼ਮ ਵਿਲੇਜ ਆਫ਼ ਇੰਡੀਆ 2023 ਦਾ ਐਵਾਰਡ ਮਿਲਿਆ ਸੀ।

ਸੈਰ-ਸਪਾਟਾ ਵਿਭਾਗ ਖੇਤਰ ਵਿਚ ਸੈਰ-ਸਪਾਟਾ ਤੇ ਆਰਥਿਕ ਵਿਕਾਸ ਨੂੰ ਵਧਾਉਣ ਵਾਲੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਪੂਰੇ ਦਿਲ ਨਾਲ ਸਮਰਪਿਤ ਹੈ। ਸੂਬਾ ਸਰਕਾਰ ਸੈਰ-ਸਪਾਟਾ ਸੰਪਤੀਆਂ ਅਤੇ ਸੰਸਥਾਵਾਂ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਈਕੋ-ਟੂਰਿਜ਼ਮ, ਐਡਵੈਂਚਰ ਟੂਰਿਜ਼ਮ, ਵਾਟਰ ਟੂਰਿਜ਼ਮ, ਅਤੇ ਵੈਲਨੈਸ ਟੂਰਿਜ਼ਮ ‘ਤੇ ਜ਼ੋਰਦਾਰ ਫੋਕਸ ਹੈ, ਜੋ ਕਿ ਪੰਜਾਬ ਨੂੰ ਹੋਰ ਪ੍ਰਫੁੱਲਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਰੱਖਦੇ ਹਨ।

ਸੂਬੇ ਨੂੰ ਸੈਰ-ਸਪਾਟਾ ਸਥਾਨ ਵਜੋਂ ਹਰਮਨ ਪਿਆਰਾ ਬਣਾਉਣ ਦੀ ਗਲੋਬਲ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਨੇ ਫਰਵਰੀ ਵਿੱਚ ਸੱਤ ਰੋਜ਼ਾ ਰੰਗਲਾ ਪੰਜਾਬ ਮੇਲਾ ਬੜੇ ਉਤਸ਼ਾਹ ਨਾਲ ਕਰਵਾਇਆ। ਮੌਜੂਦਾ ਸਰਕਾਰ ਦੇ ਅਧੀਨ ਇਹ ਪਹਿਲੀ ਵਾਰ ਹੈ ਕਿ ਵਿਰਾਸਤੀ ਮੇਲੇ ਅਤੇ ਤਿਉਹਾਰ 15 ਕਰੋੜ ਰੁਪਏ ਦੇ ਸਮਰਪਿਤ ਬਜਟ ਨਾਲ ਮਨਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕਰਵਾਇਆ ਗਿਆ ਸੈਰ ਸਪਾਟਾ ਸੰਮੇਲਨ ਵੀ ਕਾਫੀ ਸਫਲ ਸਾਬਤ ਹੋਇਆ।

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਪੰਜਾਬ ਖਾਸ ਕਰਕੇ ਜਲੰਧਰ ਵਿੱਚ ਮੈਡੀਕਲ ਟੂਰਿਜ਼ਮ ਨੂੰ ਵਿਕਸਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ਼ ਮੈਡੀਕਲ ਅਤੇ ਸਿਹਤ ਖੇਤਰ ਨੂੰ ਉੱਚਾ ਚੁੱਕਣਗੇ ਬਲਕਿ ਐਨਆਰਆਈ ਭਾਈਚਾਰੇ ਨੂੰ ਘਰ ਦੇ ਨੇੜੇ ਪਹੁੰਚਯੋਗ ਇਲਾਜ ਵੀ ਪ੍ਰਦਾਨ ਕਰੇਗਾ।