ਚੰਡੀਗੜ੍ਹ। ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਤੇ ਉਸ ਦੇ ਸਾਥੀ ਤੇ ਵਾਟਰ ਸਪਲਾਈ ਵਿਭਾਗ ਦੇ ਸਹਾਇਕ ਸਕੱਤਰ ਸੰਦੀਪ ਵਤਸ ਖਿਲਾਫ ਮੋਹਾਲੀ ਅਦਾਲਤ ‘ਚ ਦੋਸ਼ੀ ਪੱਤਰ ਦਾਇਰ ਕੀਤਾ ਹੈ। ਦੋਵਾਂ ਖਿਲਾਫ ਭ੍ਰਿਸ਼ਟਾਚਾਰ ਦੀ ਧਾਰਾ 7 ਅਤੇ 7-ਏ ਤਹਿਤ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਕੇਸ ਅਦਾਲਤ ਵਿਚ ਕਮਜ਼ੋਰ ਨਾ ਪੈਣ, ਇਸ ਲਈ ਵਿਜੀਲੈਂਸ ਨੇ 55 ਗਵਾਹ ਬਣਾਏ ਹਨ। 20 ਪੰਨ੍ਹਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ।
ਕਰਨਾਲ ਦੇ ਰਹਿਣ ਵਾਲੇ ਸੰਜੇ ਕੁਮਾਰ ਵੱਲੋਂ ਵਿਜੀਲੈਂਸ ਦੀ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਉਹ ਇਕ ਕੋਆਪ੍ਰੇਟਿਵ ਸੁਸਾਇਟੀ ਨਾਂ ਦੀ ਫਰਮ ਨਾਲ ਜੁੜੇ ਹੋਏ ਹਨ ਤੇ ਸਰਕਾਰੀ ਠੇਕੇਦਾਰ ਹੈ। ਉਨ੍ਹਾਂ ਨੇ ਸੀਐੱਮ ਦੀ ਹੈਲਪਲਾਈਨ ‘ਤੇ ਸ਼ਿਕਾਇਤ ਦਿੱਤੀ ਸੀ ਕਿ ਜਦੋਂ ਸੰਜੇ ਪੋਪਲੀ ਵਾਟਰ ਸਪਲਾਈ ਵਿਭਾਗ ਵਿਚ ਸੀਈਓ ਦੇ ਅਹੁਦੇ ‘ਤੇ ਸੀ ਤਾਂ ਉਨ੍ਹਾਂ ਨੇ ਆਪਣੇ ਸਹਾਇਕ ਸਕੱਤਰ ਵਤਸ ਨਾਲ ਮਿਲੀਭੁਗਤ ਕਰਕੇ ਸਾਢੇ 7 ਕਰੋੜ ਦੇ ਟੈਂਡਰ ਕਲੀਅਰ ਕਰਨ ਲਈ ਰਿਸ਼ਵਤ ਮੰਗੀ ਸੀ।