ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਆਏ ਸਨ ਕਾਂਗਰਸ ‘ਚ
ਚੰਡੀਗੜ੍ਹ | ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ। ਮੰਨਿਆ ਜਾ ਰਿਹਾ ਹੈ ਕਿ ਚੰਨੀ ਦੇ ਜ਼ਰੀਏ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ।
ਚੰਨੀ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
2017 ‘ਚ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਵਿਧਾਨ ਸਭਾ ਸੀਟ ਤੋਂ ਤੀਜੀ ਵਾਰ ਵਿਧਾਇਕ ਚੁਣੇ ਗਏ। ਉਹ ਸੀਐੱਮ ਦੀ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਪਹਿਲਾਂ ਤਕਨੀਕੀ ਸਿੱਖਿਆ ਅਤੇ ਇੰਡਸਟ੍ਰੀਅਲ ਟ੍ਰੇਨਿੰਗ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸਨ।
ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਵਾਉਣ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬਗਾਵਤ ਕਰਨ ਵਾਲਿਆਂ ‘ਚੋਂ ਚੰਨੀ ਵੀ ਇਕ ਹਨ।
ਚਰਨਜੀਤ ਚੰਨੀ ਦਾ ਪਰਿਵਾਰ
ਚਰਨਜੀਤ ਸਿੰਘ ਚੰਨੀ 4 ਭਰਾ ਹਨ। ਉਨ੍ਹਾਂ ਤੋਂ ਇਲਾਵਾ ਡਾ. ਮਨਮੋਹਣ ਸਿੰਘ, ਮਨੋਹਰ ਸਿੰਘ ਤੇ ਸੁਖਵੰਤ ਸਿੰਘ। ਚੰਨੀ ਦੀ ਪਤਨੀ ਡਾਕਟਰ ਹੈ ਤੇ ਉਨ੍ਹਾਂ ਦੇ 2 ਪੁੱਤਰ ਹਨ।
ਪੜ੍ਹਨ ਦਾ ਉਨ੍ਹਾਂ ਨੂੰ ਇੰਨਾ ਸ਼ੌਕ ਹੈ ਕਿ ਮੰਤਰੀ ਹੁੰਦਿਆਂ ਵੀ ਉਹ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ‘ਤੇ ਪੀਐੱਚਡੀ ਕਰ ਰਹੇ ਹਨ। DAV ਕਾਲਜ ‘ਚ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਰਹੇ।
ਸਾਲ 2009 ਵਿੱਚ ਉਨ੍ਹਾਂ ਨੇ ਐੱਮਬੀਏ ਕੀਤੀ, ਫਿਰ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੇ ਐੱਲਐੱਲਬੀ ਕੀਤੀ ਸੀ। ਰੋਪੜ ਜ਼ਿਲ੍ਹੇ ਵਿੱਚ ਚੰਨੀ ਦਾ ਪੈਟਰੋਲ ਪੰਪ ਹੈ ਤੇ ਪਰਿਵਾਰ ਦੀ ਗੈਸ ਏਜੰਸੀ ਹੈ।
ਚੰਨੀ ਦੇ ਪਿਤਾ ਹਰਸ਼ਾ ਸਿੰਘ 90 ਦੇ ਦਹਾਕੇ ਵਿੱਚ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਅਰਬ ਦੇਸ਼ ਮਜ਼ਦੂਰੀ ਕਰਨ ਲਈ ਗਏ ਸਨ ਤੇ ਉਥੋਂ ਵਾਪਸ ਆ ਕੇ ਉਨ੍ਹਾਂ ਖਰੜ ਵਿੱਚ ਆਪਣਾ ਟੈਂਟ ਹਾਊਸ ਵੀ ਖੋਲ੍ਹਿਆ ਲਿਆ ਸੀ।
ਮੁੱਖ ਮੰਤਰੀ ਬਣ ਰਹੇ ਚੰਨੀ ਆਪਣੇ ਪਿਤਾ ਦੇ ਕਹਿਣ ‘ਤੇ ਲੋਕਾਂ ਦੇ ਟੈਂਟ ਲਗਾਉਣ ਲਈ ਵੀ ਚਲੇ ਜਾਂਦੇ ਸਨ, ਜਦੋਂ ਉਹ ਖਰੜ ਨਗਰ ਕੌਂਸਲ ਦੇ ਕੌਂਸਲਰ ਸਨ।
ਡਾ. ਕਮਲਜੀਤ ਕੌਰ ਨਾਲ ਉਨ੍ਹਾਂ ਦੀ ਲਵ ਮੈਰਿਜ ਹੋਈ ਸੀ, ਜਿਸ ਤੋਂ ਉਨ੍ਹਾਂ ਦਾ ਸਹੁਰਾ ਪਰਿਵਾਰ ਕੁਝ ਸਮਾਂ ਨਰਾਜ਼ ਵੀ ਰਿਹਾ ਕਿ ਮੁੰਡਾ ਕੋਈ ਕੰਮ ਤਾਂ ਕਰਦਾ ਨਹੀਂ।
ਕਿਵੇਂ ਹੋਇਆ ਸਿਆਸੀ ਸਫਰ ਸ਼ੁਰੂ
ਉਹ ਖਰੜ ਨਗਰ ਕੌਂਸਲ ਦੇ 1996 ਵਿੱਚ ਪ੍ਰਧਾਨ ਬਣੇ ਸਨ। ਇਥੋਂ ਹੀ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ। ਉਂਝ ਉਨ੍ਹਾਂ ਦੇ ਪਰਿਵਾਰ ‘ਚੋਂ ਕੋਈ ਵੀ ਸਿਆਸਤ ਵਿੱਚ ਨਹੀਂ ਸੀ। ਚੰਨੀ ਦਾ ਸਿਆਸਤ ਵਿੱਚ ਉਦੋਂ ਉਭਾਰ ਹੋਇਆ, ਜਦੋਂ ਉਹ ਖਰੜ ਤੋਂ ਨਗਰ ਕੌਂਸਲ ਦੇ ਪ੍ਰਧਾਨ ਬਣੇ ਸਨ।
ਰੋਪੜ ਜ਼ਿਲ੍ਹੇ ਵਿੱਚ ਉਨ੍ਹਾਂ ਦਾ ਸੰਪਰਕ ਟਕਸਾਲੀ ਕਾਂਗਰਸੀ ਰਮੇਸ਼ ਦੱਤ ਨਾਲ ਹੋਇਆ, ਜਿਹੜੇ ਸਮੇਂ-ਸਮੇਂ ਤੇ ਉਨ੍ਹਾਂ ਨੂੰ ਸਿਆਸਤ ਦਾ ਪਾਠ ਪੜ੍ਹਾਉਂਦੇ ਸਨ।
ਉਨ੍ਹਾਂ ਨੂੰ ਦਲਿਤਾਂ ਦੇ ਆਗੂ ਵਜੋਂ ਉਭਾਰਨ ਵਿੱਚ ਉਸ ਸਮੇਂ ਦੇ ਦਲਿਤ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਪਰ ਜਦੋਂ ਉਨ੍ਹਾਂ ਨੂੰ 2007 ਵਿੱਚ ਟਿਕਟ ਨਹੀਂ ਸੀ ਦਿੱਤੀ ਤਾਂ ਉਹ ਚਮਕੌਰ ਸਾਹਿਬ ਤੋਂ ਅਜ਼ਾਦ ਚੋਣ ਜਿੱਤ ਗਏ ਸਨ।
ਕਾਂਗਰਸ ਹਾਈਕਮਾਂਡ ਤੱਕ ਵੀ ਚੰਨੀ ਨੇ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਨ੍ਹਾਂ ਦੇ ਸਿਰ ‘ਤੇ ਅੰਬਿਕਾ ਸੋਨੀ ਨੇ ਹੱਥ ਰੱਖਿਆ ਸੀ।
ਪਹਿਲੀ ਵਾਰ ਉਹ 2007 ਵਿੱਚ ਅਜ਼ਾਦ ਤੌਰ ‘ਤੇ ਚਮਕੌਰ ਸਾਹਿਬ ਤੋਂ ਚੋਣ ਜਿੱਤੇ ਸਨ। ਉਨ੍ਹਾਂ ਨੂੰ 2012 ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਲੈ ਕੇ ਆਏ ਸਨ।
ਸੁਨੀਲ ਜਾਖੜ ਤੋਂ ਬਾਅਦ ਉਹ 2015 ਤੋਂ 2016 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ ਸਨ। 58 ਸਾਲਾ ਚੰਨੀ 2017 ਵਿੱਚ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਕੈਪਟਨ ਸਰਕਾਰ ਵਿੱਚ ਮੰਤਰੀ ਬਣੇ ਸਨ। ਹਲਫੀਆ ਬਿਆਨ ਅਨੁਸਾਰ ਚੰਨੀ ਨੇ ਆਪਣੀ ਜਾਇਦਾਦ 14 ਕਰੋੜ 51 ਲੱਖ ਦੇ ਕਰੀਬ ਐਲਾਨੀ ਸੀ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)