ਚੰਨੀ ਵੱਲੋਂ ਪੰਜਾਬ ਵਿਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਮਨਜਿੰਦਰ ਸਿਰਸਾ

0
856

ਚੰਡੀਗੜ੍ਹ | ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ‘ਚ ਧਰਮ ਪਰਿਵਰਤਨ ਨੁੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।

ਦੱਸਣਯੋਗ ਹੈ ਕਿ ਚੰਨੀ ਨੇ ਇਕ ਟੀ ਵੀ ਇੰਟਰਵਿਊ ‘ਚ ਕਿਹਾ ਹੈ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ ਉਹ ਇਸਾਈ ਧਰਮ ਅਪਣਾ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਇਸਾਈਆਂ ਦੀਆਂ ਚੰਦ ਵੋਟਾਂ ਲੈਣ ਦੀ ਖਾਤਰ ਅਜਿਹੇ ਸ਼ਰਮਨਾਕ ਬਿਆਨ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਚਾਰ ਸਾਹਿਬਜ਼ਾਦੇ ਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਦੀ ਬਖਸ਼ਿਸ਼ ਸਾਨੁੰ ਕੀਤੀ ਸੀ। ਇਹ ਫਰਿੱਜ ਤੇ ਟੀ ਵੀ ਦੇ ਕੇ ਖਰੀਦੀ ਸਿੱਖੀ ਨਹੀਂ ਹੈ ਬਲਕਿ ਸ਼ਹਾਦਤਾਂ ਦੇ ਕੇ ਬਣਿਆ ਸਿੱਖ ਧਰਮ ਹੈ।

ਚੰਨੀ ਦੇ ਇਸ ਬਿਆਨ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਬੱਲ ਦਿੱਤਾ ਹੈ ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਚੰਨੀ ਨੇ ਇਸਾਈ ਧਰਮ ਅਪਣਾ ਲਿਆ ਹੈ। ਅੱਜ ਦੇ ਬਿਆਨ ਤੋਂ ਬਾਅਦ ਚੰਨੀ ਬਾਰੇ ਕੀਤੇ ਜਾ ਰਹੇ ਇਹ ਦਾਅਵੇ ਸਹੀ ਜਾਪਦੇ ਹਨ।

ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੁੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਚੰਨੀ ਦੇ ਖਿਲਾਫ ਕਾਰਵਾਈ ਕਰਨ। ਪੰਜਾਬ ਦਾ ਇਕ ਸਿੱਖ ਮੁੱਖ ਮੰਤਰੀ ਅਜਿਹਾ ਬਿਆਨ ਦੇਵੇ, ਇਸ ਤੋਂ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ।

ਵੇਖੋ ਵੀਡੀਓ