ਚਾਰ ਧਾਮ ਯਾਤਰਾ ਅੱਜ ਵੀ ਮੁਲਤਵੀ, ਪਹਾੜਾਂ ’ਤੇ ਰੋਕੇ ਹਜ਼ਾਰਾਂ ਸੈਲਾਨੀ

0
1334

ਦੇਹਰਾਦੂਨ : ਉੱਤਰਾਖੰਡ ਵਿਚ ਗੜੇ ਪੈਣ ਕਾਰਨ ਮਚੀ ਆਫ਼ਤ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਯਾਤਰੀਆਂ ਨੂੰ ਮੌਸਮ ਦੀ ਹਾਲਤ ’ਤੇ ਗ਼ੌਰ ਕਰਦੇ ਹੋਏ ਆਉਣ ਦੀ ਸਲਾਹ ਦਿੱਤੀ ਹੈ। ਸੋਮਵਾਰ ਨੂੰ ਉੱਚ-ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ ਹਾਲਾਤ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਨੇ ਯਾਤਰਾ ਮੁਲਤਵੀ ਦੀ ਹਦਾਇਤ ਕੀਤੀ।

ਯਾਤਰਾ ’ਤੇ 2500 ਵਿਅਕਤੀਆਂ ਨੂੁੰ ਵੱਖ-ਵੱਖ ਪੜਾਆਂ ’ਤੇ ਰੋਕ ਦਿੱਤਾ ਗਿਆ ਹੈ। ਇਨ੍ਹਾਂ ਵਿਚ ਬਦਰੀਨਾਥ ਰੋਡ ’ਤੇ 1500 ਅਤੇ ਕੇਦਾਰਨਾਥ ਤੇ ਮੱਧਮੇਸ਼ਵਰ ਰੋਡ ’ਤੇ ਲਗਭਗ ਇਕ ਹਜ਼ਾਰ ਯਾਤਰੀ ਸ਼ਾਮਲ ਹਨ। ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਮੁਸਾਫ਼ਰਾਂ ਲਈ ਢੁਕਵੀਆਂ ਥਾਵਾਂ ’ਤੇ ਆਰਜ਼ੀ ਇੰਤਜ਼ਾਮ ਕਰਨ ਦੀ ਤਾਕੀਦ ਕੀਤੀ ਗਈ ਹੈ।