ਚੰਡੀਗੜ੍ਹ : ਮਰੀਜ਼ ਬਣ ਹਸਪਤਾਲ ਪੁੱਜੇ ਸਿਹਤ ਸਕੱਤਰ, ਡਾਕਟਰਾਂ ਵੱਲੋਂ ਲਿਖੀਆਂ ਜਾਂਦੀਆਂ ਮਹਿੰਗੀਆਂ ਦਵਾਈਆਂ ਦਾ ਕੀਤਾ ਪਰਦਾਫਾਸ਼

0
556

ਚੰਡੀਗੜ੍ਹ | ਸਿਹਤ ਸਕੱਤਰ ਯਸ਼ਪਾਲ ਗਰਗ ਸ਼ਨੀਵਾਰ ਦੇਰ ਰਾਤ ਮਰੀਜ਼ ਬਣ ਕੇ GMSH-16 ਪਹੁੰਚੇ ਅਤੇ ਅਚਨਚੇਤ ਹਸਪਤਾਲ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਜਾਂਚ ਵਿਚ ਪਾਇਆ ਕਿ ਐਮਰਜੈਂਸੀ ਦੇ ਡਾਕਟਰ ਮਰੀਜ਼ਾਂ ਨੂੰ ਦਵਾਈ ਦਾ ਸਾਲਟ ਲਿਖਣ ਦੀ ਬਜਾਏ ਬਰਾਂਡਿਡ ਦਵਾਈਆਂ ਲਿਖ ਰਹੇ ਹਨ। ਇਸ ਨਾਲ ਹਸਪਤਾਲ ‘ਚ ਮੌਜੂਦ ਤਿੰਨੋਂ ਦਵਾਈਆਂ ਦੀਆਂ ਦੁਕਾਨਾਂ ‘ਤੇ ਵੀ ਮਰੀਜ਼ਾਂ ਨੂੰ ਬਿਨਾਂ ਮੰਗੇ ਦਵਾਈ ਦਾ ਬਿੱਲ ਨਹੀਂ ਦਿੱਤਾ ਜਾ ਰਿਹਾ।

ਸਿਹਤ ਸਕੱਤਰ ਨੇ 2 ਜਨਵਰੀ 2023 ਨੂੰ ਜਾਰੀ ਜੈਨਰਿਕ ਮੈਡੀਸਨ ਅਤੇ ਪ੍ਰਿਸਕ੍ਰਿਪਸ਼ਨ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਡਾਕਟਰਾਂ ਨੂੰ ਦਵਾਈਆਂ ਦੀ ਬਜਾਏ ਬ੍ਰਾਂਡਾਂ ਦੇ ਸਾਲਟ ਲਿਖਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਨ੍ਹਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਵਿਭਾਗ ਅਜਿਹੇ ਡਾਕਟਰਾਂ ਦੀ ਸ਼ਨਾਖਤ ਕਰ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ‘ਤੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਸਿਹਤ ਸਕੱਤਰ ਨੇ ਡਰੱਗ ਇੰਸਪੈਕਟਰ ਸਮੇਤ ਹਸਪਤਾਲ ਪ੍ਰਸ਼ਾਸਨ ਨੂੰ ਵੱਖ-ਵੱਖ ਖਾਮੀਆਂ ਦੀ ਜਾਂਚ ਕਰਨ ਲਈ ਕਿਹਾ ਅਤੇ ਰਿਪੋਰਟ ਤਲਬ ਕੀਤੀ। ਯਸ਼ਪਾਲ ਗਰਗ ਰਾਤ 10 ਵਜੇ ਹਸਪਤਾਲ ਪਹੁੰਚੇ ਅਤੇ ਕਰੀਬ ਇਕ ਘੰਟਾ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪਹਿਲਾਂ ਉਹ ਮਰੀਜ਼ ਬਣ ਕੇ ਐਮਰਜੈਂਸੀ ਵਿਚ ਗਏ, ਡਾਕਟਰ ਦੇ ਪੁੱਛਣ ‘ਤੇ ਆਪਣਾ ਨਾਂ ਰਾਜਪਾਲ ਦੱਸਿਆ ਅਤੇ ਪੇਟ ‘ਚ ਦਰਦ ਦੀ ਸ਼ਿਕਾਇਤ ਕੀਤੀ। ਡਾਕਟਰ ਨੇ ਉਨ੍ਹਾਂ ਨੂੰ ਇਕ ਇੰਜੈਕਸ਼ਨ ਅਤੇ ਸੀਰਪ MCAIN ਲਿਖਿਆ।

ਡਾਕਟਰ ਨੇ ਦੱਸਿਆ ਕਿ ਇਹ ਟੀਕਾ ਨੇੜੇ ਦੇ ਕਮਰੇ ਵਿਚ ਲਗਾਇਆ ਜਾਵੇਗਾ ਜਦਕਿ ਸੀਰਪ ਫਾਰਮੇਸੀ ਤੋਂ ਲੈਣਾ ਪਵੇਗਾ। ਜਦੋਂ ਉਹ ਹਸਪਤਾਲ ਵਿਚ ਦਵਾਈ ਦੀ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਡਾਕਟਰ ਵੱਲੋਂ ਲਿਖਿਆ ਸੀਰਪ 225 ਰੁਪਏ ਵਿਚ ਮਿਲਿਆ। ਦੁਕਾਨਦਾਰ ਨੇ ਮੰਗਣ ਤੋਂ ਬਾਅਦ ਉਨ੍ਹਾਂ ਨੂੰ ਬਿੱਲ ਦਿੱਤਾ, ਜੋ ਕਿ 227 ਰੁਪਏ ਦਾ ਬਣਾਇਆ ਗਿਆ ਸੀ।

ਸਿਹਤ ਸਕੱਤਰ ਦਾ ਕਹਿਣਾ ਹੈ ਕਿ ਦੁਕਾਨ ਨੰਬਰ 9 ‘ਤੇ ਦਵਾਈ ਵਾਪਸ ਕਰਨ ‘ਤੇ ਦੁਕਾਨਦਾਰ ਨੇ ਪਿਛਲੇ ਸੀਰੀਅਲ ਨੰਬਰ ‘ਤੇ ਹੀ 135 ਰੁਪਏ ਦਾ ਨਵਾਂ ਬਿੱਲ ਬਣਾ ਦਿੱਤਾ, ਜੋ ਕਿ ਮਿਆਰ ਅਨੁਸਾਰ ਗਲਤ ਹੈ। ਇਸ ਸਬੰਧੀ ਉਨ੍ਹਾਂ ਨੇ ਚਾਰਾਂ ਬਿੱਲਾਂ ਦੀ ਕਾਪੀ ਡਰੱਗ ਇੰਸਪੈਕਟਰ ਨੂੰ ਸੌਂਪ ਕੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਕਿਹਾ ਕਿ ਦੁਕਾਨਦਾਰ ਮਰੀਜ਼ਾਂ ਨੂੰ ਬਿਨਾਂ ਮੰਗੇ ਬਿੱਲ ਨਹੀਂ ਦੇ ਰਹੇ। ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਿਹਾ ਕਿ ਐਮਰਜੈਂਸੀ ਵਿਚ ਦਵਾਈ ਦੇ ਸਾਲਟ ਦੀ ਬਜਾਏ ਕਿਸੇ ਖਾਸ ਬ੍ਰਾਂਡ ਦੀ ਦਵਾਈ ਲਿਖਣ ਦਾ ਕਾਰਨ ਪਤਾ ਕਰਨਾ ਜ਼ਰੂਰੀ ਹੈ। ਦੁਕਾਨ ਨੰਬਰ 6 ਨੂੰ ਇਹ ਵੀ ਪਤਾ ਲਗਾਉਣ ਲਈ ਕਿਹਾ ਗਿਆ ਹੈ ਕਿ ਦਵਾਈ ਬਣਾਉਣ ਵਾਲੀ ਕੰਪਨੀ ਤੋਂ ਦਵਾਈ ਕਿਸ ਕੀਮਤ ‘ਤੇ ਖਰੀਦੀ ਗਈ ਸੀ।

ਇਸ ਤੋਂ ਬਾਅਦ ਉਹ ਦੂਜੀ ਦਵਾਈ ਦੀ ਦੁਕਾਨ (ਨੰਬਰ 9) ‘ਤੇ ਪਹੁੰਚੇ। ਡਾਕਟਰ ਦੀ ਪਰਚੀ ਦਿਖਾਉਣ ‘ਤੇ ਦੁਕਾਨਦਾਰ ਨੇ ਕਿਹਾ ਕਿ ਸੀਰਪ ਦੇ ਸਾਲਟ ਦਾ ਨਾਂ ਨਹੀਂ ਲਿਖਿਆ ਹੋਇਆ। ਇਹ ਇਕ ਖਾਸ ਬ੍ਰਾਂਡ ਦਾ ਸੀਰਪ ਹੈ ਜੋ ਹਰ ਜਗ੍ਹਾ ਉਪਲਬਧ ਨਹੀਂ ਹੈ। ਇਸ ਤੋਂ ਬਾਅਦ ਦੁਕਾਨਦਾਰ ਨੇ ਇਕ ਹੋਰ ਸੀਰਪ MERKCID SYP ਦਿੱਤਾ, ਜਿਸ ਦੀ ਕੀਮਤ 100 ਰੁਪਏ ਸੀ ਅਤੇ ਡਾਕਟਰ ਨੂੰ ਦਿਖਾਉਣ ਲਈ ਕਿਹਾ। ਡਾਕਟਰ ਨੂੰ ਦਿਖਾਉਣ ’ਤੇ ਉਸ ਨੇ ਇਸ ਦੀ ਵਰਤੋਂ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਪਰਚੀ ਉੱਤੇ ਦਿਵਾਈ ਦਾ ਸਾਲਟ ਲਿਖ ਦਿੱਤਾ। ਇਸ ਤੋਂ ਬਾਅਦ ਉਹ ਤੀਸਰੀ ਦੁਕਾਨ (ਨੰਬਰ 7) ‘ਤੇ ਪਹੁੰਚੇ, ਜਿਥੇ 135 ਰੁਪਏ ਦੀ ਦਵਾਈ ਮਿਲੀ ਪਰ ਇਥੇ ਵੀ ਬਿੱਲ ਨਹੀਂ ਦਿੱਤਾ ਗਿਆ। ਬਾਅਦ ‘ਚ ਮੰਗ ਕਰਨ ‘ਤੇ ਦੁਕਾਨਦਾਰ ਨੇ ਉਨ੍ਹਾਂ ਨੂੰ ਬਿੱਲ ਦੇ ਦਿੱਤਾ।