ਚੰਡੀਗੜ੍ਹ ਚੋਣਾਂ : ਪਹਿਲੀ ਵਾਰ ਚੋਣ ਲੜਦਿਆਂ ‘ਆਪ’ ਨੇ ਜਿੱਤੀਆਂ 14 ਸੀਟਾਂ, ਭਾਜਪਾ ਸੱਤਾ ਤੋਂ ਬਾਹਰ

0
1005

ਚੰਡੀਗੜ੍ਹ | ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਸੱਤਾ ਤੋਂ ਬਾਹਰ ਹੋ ਗਈ ਹੈ। ਭਾਜਪਾ ਨੂੰ ਸਿਰਫ਼ 12 ਸੀਟਾਂ ਮਿਲੀਆਂ। ਇਸ ਦੇ ਉਲਟ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੇ ਧਮਾਕੇਦਾਰ ਐਂਟਰੀ ਕੀਤੀ।

‘ਆਪ’ ਨੇ ਪਹਿਲੀ ਵਾਰ ਚੋਣ ਲੜਦਿਆਂ 14 ਸੀਟਾਂ ਜਿੱਤੀਆਂ। ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇੱਥੇ ਬਹੁਮਤ ਲਈ 19 ਸੀਟਾਂ ਦੀ ਲੋੜ ਸੀ।

ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਇਕ ਸੀਟ ਮਿਲੀ। ਇਸ ਚੋਣ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਜਪਾ ਦਰਮਿਆਨ ਸੀ।

ਭਾਜਪਾ ਨੂੰ ਸਭ ਤੋਂ ਵੱਡਾ ਝਟਕਾ ਇਹ ਲੱਗਾ ਕਿ ਵਾਰਡ 17 ਤੋਂ ਇਸ ਦੇ ਮੇਅਰ ਰਹੇ ਰਵੀਕਾਂਤ ਸ਼ਰਮਾ ਆਮ ਆਦਮੀ ਪਾਰਟੀ ਤੋਂ ਚੋਣ ਹਾਰ ਗਏ। ਭਾਜਪਾ ਦੇ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਜੇਤੂ ਰਹੇ ਪਰ ਜਿੱਤ ਦਾ ਫਰਕ ਸਿਰਫ਼ 11 ਵੋਟਾਂ ਦਾ ਰਿਹਾ।

ਇਸ ਵਾਰ ਰਹੀ ਰਿਕਾਰਡ ਵੋਟਿੰਗ

ਇਸ ਵਾਰ ਨਗਰ ਨਿਗਮ ਚੰਡੀਗੜ੍ਹ ਚੋਣਾਂ ਵਿੱਚ 60.45 ਫੀਸਦੀ ਵੋਟਾਂ ਪਈਆਂ। ਨਗਰ ਨਿਗਮ ਚੋਣਾਂ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟ ਪ੍ਰਤੀਸ਼ਤਤਾ ਹੈ।

ਇਸ ਵਾਰ ਵਾਰਡ ਨੰਬਰ 16 ਵਿੱਚ ਸਭ ਤੋਂ ਵੱਧ 72.81 ਫੀਸਦੀ ਪੋਲਿੰਗ ਹੋਈ। ਇਸ ਵਿੱਚ ਸੈਕਟਰ 25 ਦਾ ਇਲਾਕਾ ਵੀ ਸ਼ਾਮਲ ਹੈ, ਜਦੋਂ ਕਿ ਸਭ ਤੋਂ ਘੱਟ ਵਾਰਡ 23 ਵਿੱਚ 42.66 ਫੀਸਦੀ ਸੀ।

ਚੋਣ ਵਿੱਚ ਕੁੱਲ 203 ਉਮੀਦਵਾਰ

ਚੋਣ ਵਿੱਚ 203 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚ ਕਾਂਗਰਸ ਦੇ 35, ਭਾਜਪਾ ਦੇ 35, ਆਪ ਦੇ 35, ਅਕਾਲੀ ਦਲ-ਬਸਪਾ ਗਠਜੋੜ ਦੇ 32 ਤੇ ਹੋਰ 66 ਉਮੀਦਵਾਰ ਚੋਣ ਮੈਦਾਨ ਵਿੱਚ ਸਨ।