ਚੰਡੀਗੜ੍ਹ : ‘ਮਨ ਕੀ ਬਾਤ’ ਪ੍ਰੋਗਰਾਮ ਨਾ ਸੁਣਨ ‘ਤੇ ਪੀਜੀਆਈ ਦੀਆਂ ਵਿਦਿਆਰਥਣਾਂ ਖਿਲਾਫ ਕਾਰਵਾਈ, ਹੋਸਟਲ ਤੋਂ ਬਾਹਰ ਜਾਣ ‘ਤੇ ਪਾਬੰਦੀ

0
134

ਚੰਡੀਗੜ੍ਹ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਸੁਣਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਪੀਜੀਆਈ ਨਰਸਿੰਗ ਇੰਸਟੀਚਿਊਟ ਦੀਆਂ 36 ਵਿਦਿਆਰਥਣਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਸਾਰੀਆਂ ਵਿਦਿਆਰਥਣਾਂ ਦੇ ਇੱਕ ਹਫ਼ਤੇ ਲਈ ਹੋਸਟਲ ਤੋਂ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਸਥਾ ਦੇ ਇਸ ਹੁਕਮ ਦੀ ਜਾਣਕਾਰੀ ਹਸਪਤਾਲ ਮੈਨੇਜਮੈਂਟ ਨੂੰ ਹੀ ਨਹੀਂ।

30 ਅਪ੍ਰੈਲ ਨੂੰ ਪੀਜੀਆਈ ਦੇ ਐਲਟੀ ਵਨ ਲੈਕਚਰ ਥੀਏਟਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦੇ 100ਵੇਂ ਐਪੀਸੋਡ ਨੂੰ ਸੁਣਨ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਪੀਜੀਆਈ ਦੇ ਡਾਇਰੈਕਟਰ ਦੀਆਂ ਹਦਾਇਤਾਂ ਮੁਤਾਬਕ ਸਾਰੀਆਂ ਵਿਦਿਆਰਥਣਾਂ ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਦਾ 100ਵਾਂ ਐਪੀਸੋਡ ਸੁਣਨ ਲਈ 30 ਅਪ੍ਰੈਲ ਨੂੰ ਸਵੇਰੇ 10.30 ਵਜੇ ਐਲ.ਟੀ.1 ਥੀਏਟਰ ਵਿਖੇ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ 36 ਵਿਦਿਆਰਥਣਾਂ ਨੇ ਹੁਕਮਾਂ ਦੀ ਅਣਦੇਖੀ ਕਰ ਦਿੱਤੀ, ਜਿਸ ‘ਤੇ ਕਾਰਵਾਈ ਕੀਤੀ ਗਈ।

ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਲਿਖਤੀ ਹੁਕਮ ਜਾਰੀ ਕਰਨ ਦੇ ਨਾਲ-ਨਾਲ ਵਿਦਿਆਰਥਣਾਂ ਨੂੰ ਵਾਰਡਨ ਵੱਲੋਂ ਸਵੇਰੇ ਅਤੇ ਰਾਤ ਨੂੰ ਹੋਸਟਲ ਵਿੱਚ ਗੇੜੇ ਮਾਰ ਕੇ ਵਾਰ-ਵਾਰ ਜਾਣੂ ਕਰਵਾਇਆ ਗਿਆ ਅਤੇ ਇਸ ਵਿੱਚ ਹਿੱਸਾ ਨਾ ਲੈਣ ਦੀ ਸੂਰਤ ਵਿੱਚ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਪਹਿਲੇ ਸਾਲ ਦੀਆਂ ਅੱਠ ਵਿਦਿਆਰਥਣਾਂ ਅਤੇ ਤੀਜੇ ਸਾਲ ਦੀਆਂ 28 ਵਿਦਿਆਰਥਣਾਂ ਨੇ ਹੁਕਮਾਂ ਦੀ ਅਣਦੇਖੀ ਕੀਤੀ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈਆਂ।

ਦੱਸਿਆ ਜਾ ਰਿਹਾ ਹੈ ਕਿ ਨਰਸਿੰਗ ਇੰਸਟੀਚਿਊਟ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥਣਾਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਕੇ ਪੀਜੀਆਈ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਪੀਜੀਆਈ ਦੇ ਬੁਲਾਰੇ ਅਤੇ ਡੀਡੀਏ ਕੁਮਾਰ ਗੌਰਵ ਨੇ ਇਸ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ।

ਡੀਡੀਏ ਅਤੇ ਪੀਜੀਆਈ ਦੇ ਬੁਲਾਰੇ ਕੁਮਾਰ ਗੌਰਵ ਦਾ ਕਹਿਣਾ ਹੈ ਕਿ ਇਸ ਮਾਮਲੇ ‘ਤੇ ਪੀਜੀਆਈ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਦਾ ਕਹਿਣਾ ਹੈ ਕਿ ਇਸ ਬਾਰੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਉਨ੍ਹਾਂ ਨੂੰ ਇਸ ਕਾਰਵਾਈ ਬਾਰੇ ਸੋਸ਼ਲ ਮੀਡੀਆ ‘ਤੇ ਜਾਰੀ ਹੁਕਮਾਂ ਤੋਂ ਪਤਾ ਲੱਗਾ ਹੈ।