ਚੰਡੀਗੜ੍ਹ | ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਪ੍ਰਾਪਤ ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ ਤਿੰਨ ਸੰਚਾਲਕਾਂ ਨੂੰ ਗ੍ਰਿਫਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਰੋਹਿਤ ਭਾਰਦਵਾਜ ਉਰਫ਼ ਰਿੰਮੀ ਵਾਸੀ ਜ਼ੀਰਕਪੁਰ, ਮੋਹਿਤ ਭਾਰਦਵਾਜ ਅਤੇ ਅਰਜੁਨ ਠਾਕੁਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਰੋਹਿਤ ਭਾਰਦਵਾਜ ਉਰਫ਼ ਰਿੰਮੀ ਕੋਲੋਂ 14.78 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਫੋਨਾਂ ’ਚੋਂ ਹੋਰ ਪੁਖਤਾ ਸਬੂਤ ਵੀ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਆਰੋਪੀ ਸੱਟੇਬਾਜ਼ੀ ਵੀ ਕਰਦੇ ਸਨ ਤੇ ਹੇਰਾਫੇਰੀ ਵੀ ਕਰਦੇ ਸਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਦੋਂ ਪੀੜਤ ਪੈਸੇ ਵਾਪਸ ਕਰਨ ਤੋਂ ਅਸਮਰੱਥ ਹੋ ਜਾਂਦਾ ਸੀ ਤਾਂ ਇਹ ਅਪਰਾਧੀ ਜੇਲ੍ਹ ਅਤੇ ਵਿਦੇਸ਼ਾਂ ਵਿਚ ਬੈਠੇ ਆਪਣੇ ਗੈਂਗਸਟਰ ਸਾਥੀਆਂ ਰਾਹੀਂ ਉਨ੍ਹਾਂ ਨੂੰ ਧਮਕੀ ਭਰੇ ਫੋਨ ਕਰਵਾਉਂਦੇ ਸਨ।
ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਪੁਲਿਸ ਟੀਮਾਂ ਨੇ ਭੁਗਤਾਨ ਦੇ ਵੱਖ-ਵੱਖ ਤਰੀਕੇ ਅਤੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਿਨ੍ਹਾਂ ਰਾਹੀਂ ਪੈਸੇ ਟਰਾਂਸਫਰ ਕੀਤੇ ਗਏ ਸਨ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀਆਂ ਦੀਆਂ ਗਤੀਵਿਧੀਆਂ ਨਾਲ ਸਬੰਧਤ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਲਈ ਵਰਤੀ ਵੈੱਬਸਾਈਟ ਦੇ ਮਾਲਕ ਅਤੇ ਉਸ ਦੇ ਸੰਚਾਲਨ ਦੇ ਸਥਾਨ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।