ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਮਕੌਰ ਸਾਹਿਬ ਹਲਕੇ ਦੇ ਭਾਗ ਖੁੱਲ੍ਹਣੇ ਸ਼ੁਰੂ : ਖਰੜ ਬਲਾਕ ਦੇ 35 ਪਿੰਡਾਂ ਦੇ ਵਿਕਾਸ ਲਈ 68 ਕਰੋੜ ਮਨਜ਼ੂਰ, 14 ਕਰੋੜ ਦੇ ਚੈੱਕ ਪੰਚਾਇਤਾਂ ਨੂੰ ਵੰਡੇ

0
1401

ਐਸਏਐਸ ਨਗਰ (ਮੋਹਾਲੀ) | ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਦੇ ਇਲਾਕੇ ਦੀ ਕਿਸਮਤ ਬਦਲਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਇਲਾਕੇ ਨੂੰ ਵੱਡੀਆਂ ਗ੍ਰਾਂਟਾਂ ਮਿਲ ਰਹੀਆਂ ਹਨ।

ਪੇਂਡੂ ਖੇਤਰ ਦੇ ਵਿਕਾਸ ਲਈ ਸੀਐਮ ਨੇ ਚਮਕੌਰ ਸਾਹਿਬ ਹਲਕੇ ਦੇ ਖਰੜ ਬਲਾਕ ਦੇ 35 ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 68 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਇਤਿਹਾਸਕ ਪਿੰਡ ਘੜੂੰਆਂ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕਰਨ ਦਾ ਐਲਾਨ ਕੀਤਾ।

ਚੰਨੀ ਨੇ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 14 ਕਰੋੜ ਰੁਪਏ ਦੇ ਚੈੱਕ ਸੌਂਪਦੇ ਹੋਏ, 54 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਮੰਜੂਰੀ ਵੀ ਦਿੱਤੀ।

ਸੀਐਮ ਨੇ ਚਮਕੌਰ ਸਾਹਿਬ ਹਲਕੇ ਦੇ ਦੌਰੇ ਦੇ ਚੌਥੇ ਦਿਨ ਦੀ ਸ਼ੁਰੂਆਤ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਬਲਾਕ ਖਰੜ ਵਿਚ ਪੈਂਦੇ ਪਿੰਡ ਘੜੂੰਆਂ ਤੋਂ ਕੀਤੀ ਜੋ ਇਸ ਹਲਕੇ ਦਾ ਹੀ ਹਿੱਸਾ ਹੈ। ਉਨ੍ਹਾਂ ਨੇ ਅੱਜ ਘੜੂੰਆਂ ਤੋਂ ਇਲਾਵਾ ਗੜਾਂਗਾ, ਬਡਾਲਾ ਪਿੰਡਾਂ ਵਿਖੇ ਵੱਖ-ਵੱਖ ਸਮਾਗਮਾਂ ਦੌਰਾਨ 35 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਵੰਡੇ।

ਘੜੂੰਆਂ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਦੇ ਮੱਦੇਨਜ਼ਰ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਸ ਨੂੰ ਨਗਰ ਪੰਚਾਇਤ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਇਸ ਨਾਲ ਨੇੜਲੇ ਪਿੰਡਾਂ ਨੂੰ ਵੀ ਵੱਡਾ ਲਾਭ ਮਿਲੇਗਾ।

ਮੁੱਖ ਮੰਤਰੀ ਨੇ ਪਿੰਡ ਵਿਚ ਸਥਿਤ ਪਾਵਨ ਸਰੋਵਰ ਦੇ ਨਵੀਨੀਕਰਨ ਲਈ 3.25 ਕਰੋੜ ਰੁਪਏ ਖਰਚਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਦੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸੈਰ-ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ।

ਪਿੰਡ ਗੜਾਂਗਾ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੰਨੀ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਬਿਜਲੀ ਲੋਡ ਵਾਲੇ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕਰਨ ਲਈ ਉਨ੍ਹਾਂ ਦੀ ਸਰਕਾਰ ਵਿਸ਼ੇਸ਼ ਸਕੀਮ ਲੈ ਕੇ ਆਈ ਹੈ ਤਾਂ ਕਿ ਲੋਕਾਂ ਉਪਰ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ।

ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਬਕਾਏ ਬਿੱਲ ਦੀ ਮੁਆਫੀ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਹੁਣ ਤੱਕ 96,911 ਖਪਤਕਾਰਾਂ ਦੇ 77.37 ਕਰੋੜ ਰੁਪਏ ਦੇ ਬਕਾਏ ਪਾਵਰਕਾਮ ਵੱਲੋਂ ਮੁਆਫ਼ ਵੀ ਕੀਤੇ ਜਾ ਚੁੱਕੇ ਹਨ।

ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਚੋਲਟਾ ਖੁਰਦ ਦੇ ਆਤਮਾ ਸਿੰਘ ਨੂੰ 2,26,890 ਰੁਪਏ ਦੇ ਬਕਾਏ ਬਿਜਲੀ ਬਿੱਲ ਦੀ ਮੁਆਫੀ ਦਾ ਸਰਟੀਫਿਕੇਟ ਸੌਂਪਿਆ।

ਪਿੰਡ ਗੜਾਂਗਾ ਵਿਖੇ 9 ਪਿੰਡਾਂ ਦੀਆਂ ਪੰਚਾਇਤਾਂ ਨੂੰ ਚੈੱਕ ਸੌੰਪਦੇ ਹੋਏ ਸ. ਚੰਨੀ ਨੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਆਪੋ-ਆਪਣੇ ਪਿੰਡਾਂ ਵਿਚ ਵਿਕਾਸ ਦੇ ਕੰਮਾਂ ਦੀ ਗੁਣਵੱਤਾ ਦੀ ਨਿਗਰਾਨੀ ਖੁਦ ਹੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਪੇਂਡੂ ਇਲਾਕਿਆਂ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਮੀ ਨਾ ਰਹਿਣ ਦੇਣ ਦੇ ਆਦੇਸ਼ ਦਿੱਤੇ।

ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਵੱਖ-ਵੱਖ ਥਾਵਾਂ ਉਤੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਅਤੇ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।