Farmers protest: ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਜਨਤਕ ਵਿਵਸਥਾ ਬਣਾਈ ਰੱਖਣ ਦਾ ਹਵਾਲਾ ਦਿੰਦਿਆਂ ਕਿਸਾਨਾਂ ਦੇ ਪ੍ਰਦਰਸ਼ਨਾਂ ਨਾਲ ਸਬੰਧਤ 177 ਸੋਸ਼ਲ ਮੀਡੀਆ ਖਾਤਿਆਂ ਨੂੰ ਐਮਰਜੈਂਸੀ ਬਲਾਕ ਕਰਨ ਦੇ ਹੁਕਮ ਦਿਤੇ ਹਨ। ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਇਹ ਹੁਕਮ ਗ੍ਰਹਿ ਮੰਤਰਾਲੇ ਦੀ ਬੇਨਤੀ ‘ਤੇ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਵੀ ਅਜਿਹੇ ਹੁਕਮ ਜਾਰੀ ਹੋਏ ਸਨ।
ਸੋਮਵਾਰ ਨੂੰ 35 ਫੇਸਬੁੱਕ ਲਿੰਕ, 35 ਫੇਸਬੁੱਕ ਖਾਤੇ, 14 ਇੰਸਟਾਗ੍ਰਾਮ ਅਕਾਊਂਟ, 42 ਟਵਿਟਰ ਅਕਾਊਂਟ, 49 ਟਵਿਟਰ ਲਿੰਕ, 1 ਸਨੈਪਚੈਟ ਅਕਾਊਂਟ ਅਤੇ 1 ਰੈਡਿਟ ਅਕਾਊਂਟ ਵਿਰੁਧ ਹੁਕਮ ਜਾਰੀ ਕੀਤੇ ਗਏ ਹਨ। ਹਾਲਾਂਕਿ, ਯੂਟਿਊਬ ਚੈਨਲਾਂ ਜਾਂ ਵੀਡੀਉ ਵਿਰੁਧ ਕੋਈ ਬਲਾਕਿੰਗ ਆਰਡਰ ਜਾਰੀ ਨਹੀਂ ਕੀਤਾ ਗਿਆ ਹੈ।
ਮੈਟਾ (ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ ਲਈ), ਟਵਿੱਟਰ ਅਤੇ ਸਨੈਪ ਦੇ ਪ੍ਰਤੀਨਿਧੀ ਸੋਮਵਾਰ ਨੂੰ ਸੈਕਸ਼ਨ 69A ਬਲਾਕਿੰਗ ਕਮੇਟੀ ਦੀ ਮੀਟਿੰਗ ਵਿਚ ਮੌਜੂਦ ਸਨ। ਇਸ ਦੌਰਾਨ ਰੈਡਿਟ ਤੋਂ ਕੋਈ ਵੀ ਹਾਜ਼ਰ ਨਹੀਂ ਹੋਇਆ। ਮੈਟਾ ਅਤੇ ਟਵਿੱਟਰ ਦੇ ਨੁਮਾਇੰਦਿਆਂ ਨੇ ਦਲੀਲ ਦਿਤੀ ਕਿ ਪੂਰੇ ਖਾਤਿਆਂ ਨੂੰ ਬਲਾਕ ਕਰਨ ਦੀ ਬਜਾਏ, ਸਮੱਗਰੀ ਵਾਲੇ ਵਿਸ਼ੇਸ਼ ਯੂਆਰਐਲ ਨੂੰ ਬਲਾਕ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਦਾ ਜਵਾਬ ਸੀ ਕਿ ਜੇ ਖਾਤਾ ਸਰਗਰਮ ਰਹਿੰਦਾ ਹੈ, ਤਾਂ ਇਹ ਅਜਿਹੀ ਸਮੱਗਰੀ ਪੋਸਟ ਕਰਨਾ ਜਾਰੀ ਰੱਖ ਸਕਦਾ ਹੈ ਜੋ ਜਨਤਕ ਅਸ਼ਾਂਤੀ ਅਤੇ ਜਨਤਕ ਵਿਵਸਥਾ ਦੇ ਮੁੱਦਿਆਂ ਦਾ ਕਾਰਨ ਬਣ ਸਕਦੀ ਹੈ।
ਸੋਮਵਾਰ ਦੇ ਹੁਕਮਾਂ ਰਾਹੀਂ ਜਿਨ੍ਹਾਂ ਖਾਤਿਆਂ ਨੂੰ ਬਲਾਕ ਕੀਤਾ ਗਿਆ ਹੈ, ਉਨ੍ਹਾਂ ਵਿਚ ਯੂਨੀਅਨਿਸਟ ਸਿੱਖ ਮਿਸ਼ਨ ਦੇ ਮਨੋਜ ਸਿੰਘ ਦੁਹਾਨ ਦਾ ਟਵਿੱਟਰ ਅਕਾਊਂਟ ਅਤੇ ਲੱਖਾ ਸਿਧਾਣਾ ਨੂੰ ਸਮਰਥਨ ਦੇਣ ਵਾਲੇ ਫੇਸਬੁੱਕ ਪੇਜ ਸ਼ਾਮਲ ਹਨ।