ਚੰਡੀਗੜ੍ਹ | ਹੋਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਤੋਹਫਾ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਦੇਸ਼ ਸਮੇਤ ਪੰਜਾਬ ਦੇ ਕਰੋੜਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਦੀ 13ਵੀਂ ਕਿਸ਼ਤ ਦੇਵੇਗੀ। ਇਹ ਕਿਸ਼ਤ 27 ਫਰਵਰੀ ਨੂੰ ਸਿੱਧੀ ਬੈਂਕ ਟ੍ਰਾਂਸਫਰ (DBT) ਰਾਹੀਂ ਦਿੱਤੀ ਜਾਵੇਗੀ। ਪੰਜਾਬ ਵਿੱਚ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਯੋਜਨਾ ਤਹਿਤ ਕੁੱਲ 16 ਲੱਖ 96 ਹਜ਼ਾਰ 911 ਕਿਸਾਨ ਰਜਿਸਟਰਡ ਹਨ, ਜਦਕਿ ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਕਿਸਾਨ ਇਸ ਦੇ ਲਾਭਪਾਤਰੀ ਹਨ।
ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਤਹਿਤ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 16 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ। ਪਿਛਲੇ ਸਾਲ ਪੰਜਾਬ ਦੇ ਰਜਿਸਟਰਡ ਕਿਸਾਨਾਂ ਵਿੱਚੋਂ 2 ਲੱਖ 5 ਹਜ਼ਾਰ 308 ਕਿਸਾਨਾਂ ਨੂੰ 2 ਹਜ਼ਾਰ ਰੁਪਏ ਦੀ 12ਵੀਂ ਕਿਸ਼ਤ ‘ਚ ਡੀਬੀਟੀ ਰਾਹੀਂ ਟਰਾਂਸਫਰ ਕੀਤਾ ਗਿਆ ਸੀ।
ਹਾਲਾਂਕਿ ਇੱਕ ਰਿਪੋਰਟ ਅਨੁਸਾਰ ਪੰਜਾਬ ਦੇ 88 ਫੀਸਦੀ ਕਿਸਾਨ ਇਸ ਪ੍ਰੋਤਸਾਹਨ ਰਾਸ਼ੀ ਤੋਂ ਵਾਂਝੇ ਰਹਿ ਗਏ ਹਨ। ਨਾਲ ਹੀ ਦੇਸ਼ ਦੇ ਕਰੀਬ 2 ਕਰੋੜ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਇਹ ਸਪੱਸ਼ਟ ਨਹੀਂ ਹੈ ਕਿ ਸਾਰੇ ਯੋਗ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਯੋਜਨਾ ਦੀ 12ਵੀਂ ਕਿਸ਼ਤ ਦਾ ਲਾਭ ਮਿਲਿਆ ਹੈ ਜਾਂ ਨਹੀਂ।
ਯੋਗ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ
ਪ੍ਰਧਾਨ ਮੰਤਰੀ ਸਨਮਾਨ ਕਿਸਾਨ ਨਿਧੀ ਯੋਜਨਾ ਤਹਿਤ ਹਰ ਸਾਲ ਕੇਂਦਰ ਸਰਕਾਰ ਵੱਲੋਂ ਯੋਗ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ। ਇਹ ਰਕਮ ਹਰ 4 ਮਹੀਨਿਆਂ ਦੇ ਅੰਤਰਾਲ ‘ਤੇ 2-2 ਹਜ਼ਾਰ ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਇਹ ਕਿਸ਼ਤ 17 ਅਕਤੂਬਰ 2022 ਨੂੰ ਜਾਰੀ ਕੀਤੀ ਗਈ ਸੀ। ਕੇਂਦਰ ਸਰਕਾਰ ਨੇ ਹੁਣ ਇਹ ਰਕਮ ਹੋਲੀ ਤੋਂ ਪਹਿਲਾਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ।