ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਕੇਂਦਰ BSF ਦਾ ਅਧਿਕਾਰ ਖੇਤਰ ਨਹੀਂ ਵਧਾ ਸਕਦਾ : ਸੁਖਬੀਰ ਬਾਦਲ

0
7577

ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਪੰਜਾਬ ‘ਚ ਅਸਿੱਧੇ ਤੌਰ ’ਤੇ ਕੇਂਦਰੀ ਰਾਜ ਲਾਗੂ ਕਰਨ ’ਤੇ ਦੋਵਾਂ ਸਰਕਾਰਾਂ ਦੀ ਨਿਖੇਧੀ ਕੀਤੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਹਫਤੇ ਗ੍ਰਹਿ ਮੰਤਰੀ ਨਾਲ ਅਣ-ਨਿਰਧਾਰਿਤ ਮੀਟਿੰਗ ਵਿੱਚ ਹੀ ਇਸ ਖਤਰਨਾਕ ਕਦਮ ਲਈ ਆਧਾਰ ਤਿਆਰ ਹੋ ਗਿਆ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਜਾਂ ਤਾਂ ਕਾਰਵਾਈ ਕਰਨ ਜਾਂ ਫਿਰ ਸਭ ਕੁਝ ਛੱਡ ਦੇਣ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਜਿਹਾ ਕਦੇ ਨਹੀਂ ਹੁੰਦਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਅਜਿਹੇ ਵੱਡੇ ਫੈਸਲੇ ਲਵੇ ਤੇ ਚੰਨੀ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਾਇਆ ਜਾ ਰਿਹਾ ਰੌਲਾ ਅਸਲ ‘ਚ ਇਸ ਸਾਜ਼ਿਸ਼ ਵਿੱਚ ਉਨ੍ਹਾਂ ਦੀ ਸ਼ਮੂਲੀਅਤ ’ਤੇ ਪਰਦਾ ਪਾਉਣ ਦਾ ਯਤਨ ਹੈ।

ਉਨ੍ਹਾਂ ਕਿਹਾ ਕਿ ਤੁਹਾਨੂੰ ਲੋਕਾਂ ਨੂੰ ਇਹ ਦੱਸਣਾ ਪਵੇਗਾ ਕਿ ਤੁਸੀਂ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਨਮੋਸ਼ੀਜਨਕ ਕਾਰੇ ਦੇ ਖਿਲਾਫ ਕੀ ਕਰਨ ਦਾ ਇਰਾਦਾ ਰੱਖਦੇ ਹੋ।

ਬਾਦਲ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਕਿਹਾ ਕਿ ਉਹ ਕੇਂਦਰ ਅੱਗੇ ਸਰੰਡਰ ਕਰਨ ਦੇ ਮਾਮਲੇ ‘ਚ ਸੂਬਾ ਸਰਕਾਰ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਅਸਿੱਧੇ ਕੇਂਦਰੀ ਰਾਜ ਦੇ ਖਿਲਾਫ ਪੰਜਾਬ ਨੂੰ ਬਚਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਜਾਣਕਾਰੀ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਵੱਡੇ ਫੈਸਲੇ ਨੂੰ ਸੂਬਾ ਸਰਕਾਰ ਨੂੰ ਵਿਸ਼ਵਾਸ ਵਿੱਚ ਲਏ ਬਗੈਰ ਲਾਗੂ ਕਰਨਾ ਸੰਭਵ ਹੀ ਨਹੀਂ ਹੈ।