ਛਿੱਤਰਾਂ ਦਾ ਹਾਰ ਪਾ ਕੇ ਮਨਾਇਆ ਅਜ਼ਾਦੀ ਦਿਹਾੜਾ, ਕਿਹਾ- ਕਿਸੇ ਨੇ ਮੈਨੂੰ ਵਾਤਾਵਰਨ ਬਚਾਉਣ ਲਈ ਪੌਦੇ ਨਹੀਂ ਦਿੱਤੇ, MLA ਦੇ ਗਲ਼ ਵਿੱਚ ਵੀ ਪਾਵਾਂਗਾ ਇਹੀ ਹਾਰ

0
2243

ਮੋਗਾ (ਤਨਮਯ) | ਬਾਘਾ ਪੁਰਾਣਾ ਵਿਖੇ ਐਤਵਾਰ SDM ਦਫ਼ਤਰ ‘ਚ ਅਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਉਸ ਸਮੇਂ ਇਕ ਵਿਅਕਤੀ ਜੋ ਆਪਣਾ ਨਾਂ ਚੰਦ ਸਿੰਘ ਸਾਬਕਾ ਪੰਚਾਇਤ ਮੈਂਬਰ ਪਿੰਡ ਵੈਰੋਕੇ ਦੱਸ ਰਿਹਾ ਸੀ, ਆਪਣੇ ਗਲ਼ ਵਿੱਚ ਟੁੱਟੇ ਛਿੱਤਰਾਂ ਦਾ ਹਾਰ ਪਾ ਕੇ ਪਹੁੰਚਿਆ, ਜੋ ਖਿੱਚ ਦਾ ਕੇਂਦਰ ਬਣ ਗਿਆ। ਉਸ ਦਾ ਕਹਿਣਾ ਸੀ ਕਿ ਅਸੀਂ ਅੱਜ ਵੀ ਗੁਲਾਮ ਹਾਂ।

ਜਦੋਂ ਪੱਤਰਕਾਰਾਂ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਕਿਹਾ ਸੀ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕੀਤਾ ਜਾਵੇ ਅਤੇ ਹਰ ਪਿੰਡ ਵਿੱਚ 33 ਫੀਸਦੀ ਪੰਚਾਇਤੀ ਜ਼ਮੀਨ ਉਤੇ ਰੁੱਖ ਲਾਉਣ ਦੇ ਹੁਕਮ ਦਿੱਤੇ ਸਨ।

ਚੰਦ ਸਿੰਘ ਨੇ ਕਿਹਾ ਕਿ ਉਸ ਨੇ ਸਰਕਾਰ ਵੱਲੋਂ ਕੀਤੇ ਇਸ ਐਲਾਨ ਨੂੰ ਪੂਰਾ ਕਰਵਾਉਣ ਲਈ ਬਹੁਤ ਜ਼ੋਰ ਲਾਇਆ ਪਰ ਮੇਰੀ ਕਿਸੇ ਨੇ ਨਹੀਂ ਸੁਣੀ, ਮੈਨੂੰ ਅੱਜ ਤੱਕ ਕਿਸੇ ਵੀ ਨਰਸਰੀ ਨੇ ਇੱਕ ਵੀ ਬੂਟਾ ਨਹੀਂ ਦਿੱਤਾ, ਇਨ੍ਹਾਂ ਹੁਕਮਾਂ ਦਾ ਪਾਲਣ ਕਰਦਿਆਂ ਮੈਂ 1 ਕਿੱਲੇ ਪੰਚਾਇਤੀ ਜ਼ਮੀਨ ਵਿੱਚ ਪੌਦੇ ਲਾਏ ਪਰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਜ਼ਮੀਨ ਵਾਹ ਕੇ ਸਾਰੇ ਪੌਦੇ ਖਰਾਬ ਕਰ ਦਿੱਤੇ।

ਮੈਨੂੰ 2 ਸਾਲ ਹੋ ਗਏ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੇਰੀ ਗੱਲ ਨਹੀਂ ਸੁਣ ਰਿਹਾ। ਅੱਜ ਆਜ਼ਾਦੀ ਦਿਹਾੜੇ ‘ਤੇ ਮੈਂ ਇਹ ਛਿੱਤਰਾਂ ਦਾ ਹਾਰ ਪਾ ਕੇ ਦੱਸਣਾ ਚਾਹੁੰਦਾ ਹਾਂ ਕਿ ਆਪਾਂ ਕਿੰਨੇ ਕੁ ਆਜ਼ਾਦ ਹੋਏ ਹਾਂ। ਮੇਰੇ ਇਸ ਵਿਵਹਾਰ ਪਿੱਛੇ ਸਰਕਾਰ ਜ਼ਿੰਮੇਵਾਰ ਹੈ।

ਉਸ ਨੇ ਦੱਸਿਆ ਕਿ ਉਹ ਕਈ ਵਾਰ ਐੱਸਡੀਐੱਮ ਨੂੰ ਮਿਲਣ ਆਇਆ ਪਰ ਉਨ੍ਹਾਂ ਦੇ ਕਲਰਕਾਂ ਨੇ ਉਸ ਨੂੰ ਕਦੇ ਵੀ ਮਿਲਣ ਨਹੀਂ ਦਿੱਤਾ।

ਉਸ ਨੇ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਬਰਾੜ ‘ਤੇ ਵੀ ਆਰੋਪ ਲਾਏ ਕਿ ਜੋ ਮੈਂ ਅੱਜ ਇਹ ਛਿੱਤਰਾਂ ਦਾ ਹਾਰ ਆਪਣੇ ਗਲ਼ ਵਿੱਚ ਪਾਇਆ ਹੈ, ਇਸ ਦਾ ਜ਼ਿੰਮੇਵਾਰ MLA ਬਰਾੜ ਹੈ ਅਤੇ ਚਿਤਾਵਨੀ ਵੀ ਦਿੱਤੀ ਕਿ ਜਦੋਂ ਵੀ MLA ਸਾਡੇ ਪਿੰਡ ਆਏਗਾ, ਮੈਂ ਇਸ ਦੇ ਗਲ਼ ਵਿੱਚ ਵੀ ਇਹੀ ਛਿੱਤਰਾਂ ਦਾ ਹਾਰ ਪਾ ਕੇ ਸਵਾਗਤ ਕਰਾਂਗਾ।

ਚੰਦ ਸਿੰਘ ਨੇ ਕਿਹਾ ਕਿ ਮੈਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਡੀ ਵਾਤਾਵਰਣ ਪ੍ਰੇਮੀਆਂ ਦੀ ਸੁਣਵਾਈ ਕੀਤੀ ਜਾਵੇ। ਅਖੀਰ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)