ਪਠਾਨਕੋਟ, 3 ਫਰਵਰੀ | ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚਮਰੋੜ (ਮਿਨੀ ਗੋਆ) ਵਿਚ ਐੱਨ. ਆਰ. ਆਈਜ਼ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਦੁਨੀਆ ਦਾ ਅਜਿਹਾ ਕੋਈ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਝੰਡੇ ਨਾ ਗੱਡੇ ਹੋਣ। ਸਾਰੀ ਦੁਨੀਆ ਵਿਚ ਪੰਜਾਬੀ ਵਸੇ ਹੋਏ ਹਨ। ਕੋਈ ਮੁਲਕ ਅਜਿਹਾ ਨਹੀਂ, ਜਿਥੇ ਮੈਨੂੰ ਬੁਲਾ ਕੇ ਪੰਜਾਬੀਆਂ ਨੇ ਪਿਆਰ ਨਾ ਦਿੱਤਾ ਹੋਵੇ ਪਰ ਜਿਹੜਾ ਪਿਆਰ ਹੁਣ ਦਿੱਤਾ ਹੈ, ਉਸ ਦਾ ਕਿਸੇ ਕਰੰਸੀ ’ਚ ਮੁੱਲ ਨਹੀਂ ਮੋੜਿਆ ਜਾ ਸਕਦਾ। ਜਿਹੜਾ ਫਤਵਾ ਮੇਰੇ ਹੱਕ ਵਿਚ ਲੋਕਾਂ ਨੇ ਦਿੱਤਾ, ਲੋਕਾਂ ਦੇ ਇਸ ਪਿਆਰ ਦਾ ਕਰਜ਼ਾ ਉਹ ਨਹੀਂ ਉਤਾਰ ਸਕਦੇ।
ਐੱਨ. ਆਰ. ਆਈਜ਼ ਨੂੰ ਘਰ ਪਰਤਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਣੀ ਜ਼ਮੀਨ ਲਈ ਕੁਝ ਕਰਕੇ ਦਿਖਾਇਆ ਜਾਵੇ। ਪੰਜਾਬ ਸਰਕਾਰ ਈਮਾਨਦਾਰ ਸਰਕਾਰ ਹੈ, ਜੇ ਐੱਨ. ਆਰ. ਆਈਜ਼ ਵੀਰ ਪੰਜਾਬ ਵਿਚ ਕੋਈ ਕਾਰੋਬਾਰ ਖੋਲ੍ਹਦੇ ਹਨ ਤਾਂ ਪੰਜਾਬ ਸਰਕਾਰ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰੇਗੀ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ। ਪਹਿਲਾਂ ਐੱਨ. ਆਰ. ਆਈਜ਼ ਨੂੰ ਦਿੱਲੀ ਤੋਂ ਪੰਜਾਬ ਤਕ ਪਹੁੰਚਦੇ ਕਈ ਵਾਰ ਪੁਲਿਸ ਮੁਲਾਜ਼ਮਾਂ ਤੋਂ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਬੱਚੇ ਕਹਿੰਦੇ ਸਨ ਕਿ ਸਾਨੂੰ ਇਥੋਂ ਹੀ ਵਾਪਸ ਲੈ ਜਾਓ। ਪਹਿਲਾਂ ਥਾਣਿਆਂ ਵਿਚ ਕੰਮ ਕਰਵਾਉਣ ਲਈ ਐੱਨ. ਆਰ. ਆਈਜ਼ ਨੂੰ ਕਈ ਚੱਕਰ ਲਾਉਣੇ ਪੈਂਦੇ ਸਨ, ਇਥੋਂ ਤਕ ਜੇਬਾਂ ਗਰਮ ਕਰਨੀਆਂ ਪੈਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਪਹਿਲਾਂ ਐੱਨ. ਆਰ. ਆਈਜ਼ ਦੀ ਵਾਪਸੀ ਡੇਟ ਤਕ ਕੰਮ ਲਈ ਟਾਲ-ਮਟੋਲ ਕੀਤਾ ਜਾਂਦਾ ਸੀ ਪਰ ਹੁਣ ਐੱਨ. ਆਰ. ਆਈਜ਼ ਥਾਣਿਆਂ ਵਿਚ ਬਕਾਇਦਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਂਦਾ ਹੈ।