CBSE : ਪੰਜਾਬੀ ਦੇ 10ਵੀਂ ਦੇ ਪ੍ਰਸ਼ਨ ਪੱਤਰ ‘ਚ ਗ਼ਲਤੀਆਂ ਦੀ ਭਰਮਾਰ, ਮਾਪੇ ਤੇ ਵਿਦਿਆਰਥੀ ਨਿਰਾਸ਼

0
1121

ਮੁਹਾਲੀ| ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿਚ ਸ਼ਬਦ ਜੋੜ ਤੇ ਹੋਰ ਕਈ ਗ਼ਲਤੀਆਂ ਨਿਕਲੀਆਂ, ਜਿਸ ਕਾਰਨ ਵਿਦਿਆਰਥੀ ਕਾਫ਼ੀ ਨਿਰਾਸ਼ ਦੇਖਣ ਨੂੰ ਮਿਲੇ। ਦੂਜੇ ਪਾਸੇ ਚੰਡੀਗੜ੍ਹ ਤੇ ਨਵੀਂ ਦਿੱਲੀ ਦੇ ਅਧਿਆਪਕਾਂ ਨੇ ਵੀ ਪ੍ਰਸ਼ਨ ਪੱਤਰ ਦੀਆਂ ਗ਼ਲਤੀਆਂ ਨੂੰ ਦਰੁਸਤ ਨਾ ਕਰਨ ’ਤੇ ਬੋਰਡ ਖ਼ਿਲਾਫ਼ ਨਾਅਰਾ ਬੋਲਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਵੀ ਬੋਰਡ ਨੇ ਮੁਹਾਵਰਿਆਂ ਤੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਕੀਤੀਆਂ ਸਨ।

ਪਿਛਲੇ ਸਾਲ ਇਸ ਜਮਾਤ ਦੇ ਪ੍ਰਸ਼ਨ ਪੱਤਰ ਵਿਚ ‘ਜੰਗਲ ਵਿਚ ਮੰਗਲ ਹੋਣਾ’ ਮੁਹਾਵਰਾ ਪਾਇਆ ਗਿਆ ਸੀ, ਜੋ ਕਿ ਇਸ ਵਾਰ ਵੀ ਦੁਹਰਾਇਆ ਗਿਆ। ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਬਾਬਤ ਕਿਹਾ ਕਿ ਇਸ ਪੱਧਰ ਦੇ ਮੁਹਾਵਰੇ ਵਿਦਿਆਰਥੀਆਂ ਲਈ ਸੱਭਿਅਕ ਨਹੀਂ ਹਨ। ਇਸ ਤੋਂ ਇਲਾਵਾ ਪ੍ਰਸ਼ਨ ਪੱਤਰ ਨੰਬਰ ਦੋ ਵਿਚ ‘ਤੁਲਨਾ’ ਨੂੰ ‘ਤੁਲਣਾ’ ਤੇ ‘ਟੁਕੜੀ’ ਨੂੰ ‘ਟੁੱਕੜੀ’ ਲਿਖਿਆ ਗਿਆ। ਪ੍ਰਸ਼ਨ ਨੰਬਰ ਇੱਕ ਦੇ ਪੈਰੇ ਵਿਚ ‘ਬੰਨ੍ਹਦਾ’ ਨੂੰ ‘ਬੰਨਦਾ’ ਅਤੇ ਪ੍ਰਸ਼ਨ ਨੰਬਰ ਸੱਤ ਵਿਚ ‘ਜ਼ੁਬਾਨ ਖੁੱਲ੍ਹਣੀ’ ਨੂੰ ‘ਜਬਾਨ ਖੁੱਲਣੀ’ ਲਿਖਿਆ ਗਿਆ। ਹੋਰ ਸ਼ਬਦ ਜੋੜਾਂ ਵਿਚ ਵੀ ਕਾਫ਼ੀ ਗ਼ਲਤੀਆਂ ਰਹੀਆਂ।

ਪ੍ਰਸ਼ਨ ਪੱਤਰ ਨੰਬਰ ਨੌਂ ਵਿੱਚ ਪਾਠਕ੍ਰਮ ਅਨੁਸਾਰ ਇਕ ਨਿੱਜੀ ਪੱਤਰ ਤੇ ਇਕ ਬਿਨੈ ਪੱਤਰ ਆਉਣਾ ਚਾਹੀਦਾ ਸੀ ਪਰ ਬੋਰਡ ਨੇ ਦੋਵੇਂ ਬਿਨੈ ਪੱਤਰ ਪਾ ਦਿੱਤੇ।
ਅਧਿਆਪਕਾਂ ਨੇ ਸੋਸ਼ਲ ਮੀਡੀਆ ’ਤੇ ਪੰਜਾਬੀ ਭਾਸ਼ਾ ਲਈ ਸੁਹਿਰਦ ਯਤਨ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਮੰਗ ਕੀਤੀ ਕਿ ਪੇਪਰ ਸੈੱਟ ਕਰਨ ਲਈ ਅਜਿਹੇ ਅਧਿਆਪਕ ਦੀ ਡਿਊਟੀ ਲਾਈ ਜਾਵੇ ਜਿਸ ਨੂੰ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਤੇ ਸ਼ਬਦ ਅਰਥਾਂ ਦੀ ਪੂਰੀ ਜਾਣਕਾਰੀ ਹੋਵੇ।

ਇਸ ਸਬੰਧੀ ਚੰਡੀਗੜ੍ਹ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਉਹ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਇਤਰਾਜ਼ ਸੀਬੀਐੱਸਈ ਕੋਲ ਚੁੱਕਣਗੇ। ਇਸ ਸਬੰਧੀ ਮੁਹਾਲੀ ਸੀਬੀਐੱਸਈ ਦੇ ਖੇਤਰੀ ਅਧਿਕਾਰੀ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।