ਲੁਧਿਆਣਾ ਦੇ ਕਾਲ ਸੈਂਟਰਾਂ ‘ਤੇ CBI ਦਾ ਛਾਪਾ, ਜ਼ਬਤ ਕੀਤੇ ਕਈ ਰਿਕਾਰਡ, ਪਈਆਂ ਭਾਜੜਾਂ

0
508

ਲੁਧਿਆਣਾ। ਸਾਈਬਰ ਕ੍ਰਾਈਮ ‘ਤੇ ਨਕੇਲ ਕੱਸਣ ਲਈ ਸੀਬੀਆਈ ਨੇ ਦੇਸ਼ ਭਰ ‘ਚ 105 ਥਾਵਾਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਇਸ ਲਈ ਕੀਤੀ ਗਈ ਤਾਂ ਜੋ ਉਨ੍ਹਾਂ ਬਦਮਾਸ਼ਾਂ ਨੂੰ ਫੜਿਆ ਜਾ ਸਕੇ, ਜੋ ਸਾਈਬਰ ਕ੍ਰਾਈਮ ਯਾਨੀ ਕਾਲ ਜਾਂ ਮੈਸੇਜ ਲਿੰਕ ਆਦਿ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ। ਪੰਜਾਬ ਵਿੱਚ ਵੀ ਆਨਲਾਈਨ ਠੱਗੀਆਂ ਬਹੁਤ ਵੱਧ ਗਈਆਂ ਹਨ। ਸੀਬੀਆਈ ਦੀਆਂ ਟੀਮਾਂ ਲੁਧਿਆਣਾ ਦੇ ਦੁੱਗਰੀ, ਗਿੱਲ ਰੋਡ ਅਤੇ ਸ਼ਿਮਲਾਪੁਰੀ ਪਹੁੰਚੀਆਂ।

ਦੱਸਿਆ ਜਾ ਰਿਹਾ ਹੈ ਕਿ ਟੀਮਾਂ ਨੇ ਛਾਪੇਮਾਰੀ ਕਰਨ ਤੋਂ ਪਹਿਲਾਂ ਪੂਰੀ ਯੋਜਨਾ ਬਣਾ ਲਈ ਸੀ ਤਾਂ ਜੋ ਕੋਈ ਮੁਲਜ਼ਮ ਮੌਕੇ ਤੋਂ ਭੱਜ ਨਾ ਸਕੇ। ਪਹਿਲਾਂ ਟੀਮ ਦੁੱਗਰੀ ਇਲਾਕੇ ਵਿੱਚ ਗਈ। ਦੱਸਿਆ ਜਾ ਰਿਹਾ ਹੈ ਕਿ ਦੁੱਗਰੀ ਦੇ ਐਲਆਈਜੀ ਫਲੈਟ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀ। ਟੀਮ ਨੇ ਜਿਵੇਂ ਹੀ ਕਾਲ ਸੈਂਟਰ ‘ਤੇ ਛਾਪਾ ਮਾਰਿਆ ਤਾਂ ਉਥੇ ਹਲਚਲ ਹੋ ਗਈ ਤੇ ਕੁਝ ਲੋਕ ਇਧਰ-ਉਧਰ ਖਿਸਕ ਗਏ। ਇਸ ਦੇ ਨਾਲ ਹੀ ਸੀਬੀਆਈ ਨੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।

ਇਸੇ ਤਰ੍ਹਾਂ ਸੀਬੀਆਈ ਦੀ ਟੀਮ ਨੇ ਗਿੱਲ ਰੋਡ ਅਤੇ ਸ਼ਿਮਲਾਪੁਰੀ ਵਿੱਚ ਵੀ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਟੀਮ ਨੂੰ ਇਨ੍ਹਾਂ ਕਾਲ ਸੈਂਟਰਾਂ ਤੋਂ ਕੁਝ ਰਿਕਾਰਡ ਵੀ ਮਿਲੇ ਹਨ। ਮੌਕੇ ‘ਤੇ ਪਹੁੰਚੇ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕਦੇ ਰਹੇ। ਇਹ ਛਾਪੇ ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਰਾਜਸਥਾਨ ਅਤੇ ਅੰਡੇਮਾਨ ਵਿੱਚ ਮਾਰੇ ਗਏ।