ਜਾਤੀ ਭੇਦਭਾਵ ! ਦਲਿਤ ਸਮਾਜ ਨੇ ਮੰਦਰ ‘ਚ ਕੀਤਾ ਕੀਰਤਨ ਤਾਂ ਹੁੱਕਾ-ਪਾਣੀ ਕਰ ਦਿੱਤਾ ਬੰਦ

0
310

ਰਾਜਸਥਾਨ| ਦੇਸ਼ ਦੇ ਕੁੱਝ ਸੂਬੇ ਅਜਿਹੇ ਵੀ ਹਨ, ਜਿਨ੍ਹਾਂ ਦੇ ਵਿੱਚ ਛੂਤਛਾਤ ਅਤੇ ਜਾਤੀ ਨਾਲ ਸਬੰਧਤ ਭੇਦਭਾਵ ਕੀਤਾ ਜਾਂਦਾ ਹੈ । ਅਜਿਹਾ ਹੀ ਤਾਜ਼ਾ ਮਾਮਲਾ ਰਾਜਸਥਾਨ ਦੇ ਝਲਵਾੜ ਜ਼ਿਲੇ ਦੇ ਜਵਾਰ ਥਾਣਾ ਖੇਤਰ ਦੇ ਪਿੰਡ ਜਾਟਾਵਾ ‘ਚ ਸਾਹਮਣੇ ਆਇਆ ਹੈ । ਜਿੱਥੋਂ ਦੇ ਰਹਿਣ ਵਾਲੇ ਕੁਝ ਪਰਿਵਾਰਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਅਤੇ ਪਿੰਡ ‘ਚ ਉਨ੍ਹਾਂ ਦਾ ਹੁੱਕਾ ਪਾਣੀ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਹੀ ਇੱਕ ਪ੍ਰਭਾਵਸ਼ਾਲੀ ਅਤੇ ਬਹੁਗਿਣਤੀ ਸਮਾਜ ਦੇ ਲੋਕਾਂ ਵੱਲੋਂ ਪਿੰਡ ਵਿੱਚ ਰਹਿੰਦੇ ਦਲਿਤ ਭਾਈਚਾਰੇ ਦੇ ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਕਰਨ ਅਤੇ ਉਨ੍ਹਾਂ ਨਾਲ ਗੱਲਬਾਤ ਬੰਦ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਾ ਦੇਣ ਲਈ ਵੀ ਦਬਾਅ ਪਾਇਆ ਜਾ ਰਿਹਾ ਹੈ।

ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਵਿੱਚ ਬਣੇ ਮੰਦਰ ਵਿੱਚ ਪਿਛਲੇ ਦਿਨੀਂ ਬੈਰਵਾ ਸਮਾਜ ਦੇ ਲੋਕਾਂ ਵੱਲੋਂ ਆਰਾਧਿਆ ਦੇਵ ਬਾਬਾ ਰਾਮਦੇਵ ਦੀ ਪੂਜਾ ਅਰਚਨਾ ਕੀਤੀ ਗਈ ਸੀ। ਲੋਢਾ ਭਾਈਚਾਰੇ ਦੇ ਲੋਕ ਉਸ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੂੰ ਮੰਦਰ ਤੋਂ ਕੀਰਤਨ ਰੋਕਣ ਲਈ ਦਬਾਅ ਬਣਾਇਆ ਗਿਆ। ਜਿਸ ਵੇਲੇ ਦਲਿਤ ਪਰਿਵਾਰਾਂ ਨੇ ਕੀਰਤਨ ਸਮਾਪਤ ਕੀਤਾ ਤਾਂ ਪਿੰਡ ਦੇ ਲੋਢਾ ਭਾਈਚਾਰੇ ਅਤੇ ਬੈਰਵਾ ਭਾਈਚਾਰੇ ਵਿਚਾਲੇ ਤਕਰਾਰ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪਿੰਡ ਵਿੱਚ ਜਾ ਕੇ ਸਪੱਸ਼ਟੀਕਰਨ ਲਿਆ ਜਾਵੇਗਾ।

ਜਾਵਰ ਪੁਲਿਸ ਥਾਣਾ ਅਧਿਕਾਰੀ ਵਿਜੇਂਦਰ ਸਿੰਘ ਨੇ ਦੱਸਿਆ ਕਿ ਬੈਰਵਾ ਸਮਾਜ ਦੇ ਲੋਕਾਂ ਨੇ ਜਿਹਡ਼ੀ ਸ਼ਿਕਾਇਤ ਕੀਤੀ ਹੈ, ਉਸ ਦੀ ਜਾਂਚ ਕਰਵਾਈ ਜਾ ਰਹੀ ਹੈ। ਬੈਰਵਾ ਸਮਾਜ ਦੇ ਲੋਕਾਂ ਨੇ ਸ਼ਿਕਾਇਤ ’ਚ ਕਿਹਾ ਹੈ ਕਿ ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਹੈ। ਦੁਕਾਨਾਂ ਤੋਂ ਉਨ੍ਹਾਂ ਨੂੰ ਸਾਮਾਨ ਨਹੀਂ ਦਿੱਤਾ ਜਾ ਰਿਹਾ। ਲੋਧਾ ਸਮੇਤ ਹੋਰ ਉੱਚ ਜਾਤਾਂ ਦੇ ਲੋਕਾਂ ਨੇ ਬੈਰਵਾ ਸਮਾਜ ਦੇ ਲੋਕਾਂ ਨਾਲ ਗੱਲਬਾਤ ਬੰਦ ਕਰ ਦਿੱਤੀ ਹੈ। ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸ਼ਿਕਾਇਤ ਕਰਤਾ ਨੇ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਦੀ ਗੱਲ ਕਹੀ ਹੈ। ਇਹ ਵੀ ਦੋਸ਼ ਲਗਾਇਆ ਹੈ ਕਿ ਲੋਧਾ ਸਮਾਜ ਦੇ ਲੋਕਾਂ ਨੇ ਉੱਚ ਜਾਤ ਦੇ ਹੋਰ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਬੈਰਵਾ ਸਮਾਜ ਦੇ ਲੋਕਾਂ ਨਾਲ ਉਨ੍ਹਾਂ ’ਚੋਂ ਕੋਈ ਗੱਲਬਾਤ ਕਰੇਗਾ ਤਾਂ ਉਨ੍ਹਾਂ ਦਾ ਵੀ ਹੁੱਕਾ-ਪਾਣੀ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਆਪਸ ’ਚ ਬੈਠ ਕੇ ਸਮਝਾਇਆ ਜਾਵੇਗਾ।