ਮਾਲੇਰਕੋਟਲਾ, 7 ਫਰਵਰੀ| ਮਾਲੇਰਕੋਟਲਾ ਦੇ ਇਕ ਦਰਜੀ ਨੂੰ ਪੁਲਿਸ ਤੋਂ ਵਰਦੀ ਸਿਲਾਈ ਲਈ 2 ਲੱਖ ਰੁਪਏ ਦਾ ਬਿੱਲ ਮੰਗਣਾ ਮਹਿੰਗਾ ਸਾਬਤ ਹੋਇਆ। ਪੁਲਿਸ ਨੇ ਦਰਜੀ ਨੂੰ ਪੈਸੇ ਤਾਂ ਕੀ ਦੇਣੇ ਸੀ ਸਗੋਂ ਨਸ਼ਾ ਤਸਕਰੀ ਦਾ ਕੇਸ ਪਾ ਦਿਤਾ। ਇਸ ਦੇ ਨਾਲ ਹੀ ਹੁਣ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ।
ਇਸ ਤੋਂ ਬਾਅਦ ਅਦਾਲਤ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਦਰਜੀ ਨੂੰ ਆਪਣੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਡਿਜੀਟਲ ਵੀਡੀਓ ਰਿਕਾਰਡ (ਡੀਵੀਆਰ) ਸਿੱਧੇ ਕੇਂਦਰੀ ਫੋਰੈਂਸਿਕ ਸਾਇੰਸ ਲੈਬ (ਸੀਐਫਐਸਐਲ), ਚੰਡੀਗੜ੍ਹ ਵਿਚ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇ ਦਿਤੀ।
ਹਾਈਕੋਰਟ ਨੇ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੂੰ 26 ਫਰਵਰੀ ਤੱਕ ਜਾਂਚ ਸਬੰਧੀ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ। ਨਾਲ ਹੀ ਹੁਕਮ ਦਿੱਤੇ ਹਨ ਕਿ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ। ਹਾਈ ਕੋਰਟ ‘ਚ ਆਪਣਾ ਪੱਖ ਪੇਸ਼ ਕਰਦੇ ਹੋਏ ਦਰਜੀ ਬਾਬੂ ਖਾਨ ਨੇ ਕਿਹਾ ਕਿ ਉਹ ਸਾਲਾਂ ਤੋਂ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਸਿਲਾਈ ਕਰਦਾ ਆ ਰਿਹਾ ਹੈ।
ਉਸ ਦੇ ਘਰ ਪੁੱਤਰ ਦਾ ਵਿਆਹ ਸੀ। ਅਜਿਹੇ ‘ਚ ਉਸ ਨੂੰ ਪੈਸਿਆਂ ਦੀ ਲੋੜ ਸੀ। ਜਿਸ ਕਾਰਨ ਪੁਲਿਸ ਮੁਲਾਜ਼ਮਾਂ ਤੋਂ 2 ਲੱਖ ਰੁਪਏ ਦੀ ਬਕਾਇਆ ਰਾਸ਼ੀ ਦੀ ਮੰਗ ਕੀਤੀ ਗਈ। ਇਸ ਤੋਂ ਨਾਰਾਜ਼ ਹੋ ਕੇ ਪੁਲਿਸ ਮੁਲਾਜ਼ਮਾਂ ਨੇ ਉਸ ਖ਼ਿਲਾਫ਼ 5 ਕਿਲੋ ਅਫ਼ੀਮ ਦੀ ਤਸਕਰੀ ਦਾ ਕੇਸ ਦਰਜ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਦੁਕਾਨ ਤੋਂ ਪ੍ਰਾਈਵੇਟ ਕਾਰ ਵਿੱਚ ਬਿਠਾ ਲਿਆ।
ਇਸ ਤੋਂ ਬਾਅਦ ਸਿਵਲ ਡਰੈੱਸ ‘ਚ ਕੁਝ ਪੁਲਿਸ ਕਰਮਚਾਰੀ ਉਸ ਦੀ ਦੁਕਾਨ ‘ਤੇ ਆਏ। ਉਨ੍ਹਾਂ ਉਸ ਦੀ ਦੁਕਾਨ ਤੋਂ ਸੀਸੀਟੀਵੀ ਅਤੇ ਡੀਵੀਆਰ ਵੀ ਫਾਰਮੈਟ ਕੀਤਾ ਅਤੇ ਉਸਨੂੰ ਵਾਪਸ ਕਰ ਦਿਤਾ। ਹਾਲਾਂਕਿ ਜਦੋਂ ਇਹ ਫੁਟੇਜ ਬਰਾਮਦ ਹੋਈ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ।
ਦਰਜੀ ਬਾਬੂ ਖਾਨ ਦੇ ਵਕੀਲ ਨੇ ਹਾਈਕੋਰਟ ‘ਚ ਕਿਹਾ ਕਿ ਉਨ੍ਹਾਂ ਨੂੰ ਜਾਂਚ ਏਜੰਸੀ ‘ਤੇ ਭਰੋਸਾ ਨਹੀਂ ਹੈ, ਇਹ ਆਪਣੇ ਹੀ ਅਫਸਰਾਂ ਨੂੰ ਬਚਾਉਣ ‘ਤੇ ਤੁਲੀ ਹੋਈ ਹੈ। ਜਿਸ ਨੇ ਪਟੀਸ਼ਨਰ ‘ਤੇ ਅਜਿਹੇ ਘਿਨਾਉਣੇ ਅਪਰਾਧ ਦਾ ਦੋਸ਼ ਲਗਾਇਆ ਸੀ। ਉਸ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਅਸਲ ਡੀਵੀਆਰ ਸਿੱਧੇ ਸੀਐਫਐਸਐਲ ਕੋਲ ਜਮ੍ਹਾਂ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ।