ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਇਸ ਬਾਰੇ ਰਣਇੰਦਰ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਵਾਲਮੀਕਿ ਜਯੰਤੀ ਦੇ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਰਣਇੰਦਰ ਦੇ ਨਾਲ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਗਮ ‘ਚ ਸ਼ਾਮਲ ਹੋਏ ਸੀ।
ਰਣਇੰਦਰ ਦੇ ਨਾਲ-ਨਾਲ ਕੈਪਟਨ ਵੀ ਕੁਆਰੰਟੀਨ ਹੋ ਗਏ ਹਨ। ਇਸ ਦੇ ਨਾਲ ਹੀ ਖ਼ਬਰ ਹੈ ਕਿ ਰਣਇੰਦਰ ਨੂੰ ਵੀ ਬੁਖ਼ਾਰ ਹੈ। ਇਸ ਲਈ ਉਹ ਅੱਜ ਈਡੀ ਦੇ ਦਫ਼ਤਰ ਪੇਸ਼ ਨਹੀਂ ਹੋਣਗੇ। ਮੁਹਾਲੀ ਦੀ ਸਿਹਤ ਟੀਮ ਨੇ ਰਣਵਿੰਦਰ ਦੇ ਕੋਵਿਡ ਸੈਂਪਲ ਲਿਆ ਹੈ। ਪਿਛਲੇ 15 ਦਿਨਾਂ ਵਿੱਚ ਦੂਜੀ ਵਾਰ ਰਣਇੰਦਰ ਈਡੀ ਸਾਹਮਣੇ ਪੇਸ਼ ਨਹੀਂ ਹੋਏ।
ਦੱਸ ਦਈਏ ਕਿ ਰਣਇੰਦਰ ਨੂੰ ਇਸ ਤੋਂ ਪਹਿਲਾਂ ਈਡੀ ਦਾ ਨੋਟਿਸ ਦਿੱਤਾ ਗਿਆ ਤੇ ਉਨ੍ਹਾਂ ਨੂੰ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਦੋਂ ਰਣਇੰਦਰ ਨੇ ਓਲੰਪਿਕ ਖੇਡਾਂ ਦੀ ਬੈਠਕ ਦਾ ਹਵਾਲਾ ਦਿੰਦੇ ਹੋਏ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕੀਤਾ ਸੀ। ਇਸ ਮਗਰੋਂ ਈਡੀ ਨੇ 6 ਨਵੰਬਰ ਨੂੰ ਪੇਸ਼ ਹੋਣ ਲਈ ਨੋਟਿਸ ਦਿੱਤਾ ਤੇ ਅੱਜ ਈਡੀ ਰਣਇੰਦਰ ਨੂੰ ਹੁਣ ਅਗਲੀ ਨੋਟਿਸ ਦੇਵੇਗੀ।








































