ਕੈਪਟਨ ਵੱਲੋਂ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ‘ਚ ਸ਼ਾਮਿਲ ਹੋਣ ਦਾ ਸੱਦਾ

0
618

ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫੌਜ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ’ਚ ਸਥਿਤ ਜੰਗੀ ਯਾਦਗਾਰ ਵਿਖੇ ਫੁੱਲ-ਮਾਲਾ ਭੇਟ ਕੀਤੀ ਅਤੇ ਕਾਰਗਿਲ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੰਜਾਬ ਦੇ 54 ਬਹਾਦਰ ਜਵਾਨਾਂ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ।

ਕਾਰਗਿਲ ਵਿਜੈ ਦਿਵਸ ’ਤੇ ਜੰਗੀ ਨਾਇਕਾਂ ਦੀਆਂ ਲਾਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਾਂਬਾਜ਼ ਭਾਰਤੀ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿਨ੍ਹਾਂ ਨੇ ਜੁਲਾਈ 1999 ਵਿਚ ਔਖੇ ਮੌਸਮੀ ਹਾਲਾਤ ਦੌਰਾਨ ਸੂਰਮਗਤੀ ਨਾਲ ਕਾਰਗਿਲ, ਦਰਾਸ ਅਤੇ ਬਟਾਲਿਕ ਇਲਾਕਿਆਂ ਵਿਚ ਘੁਸਪੈਠ ਕਰਨ ਵਾਲੀਆਂ ਪਾਕਿਸਤਾਨੀ ਫੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ।

ਇਸ ਮੌਕੇ ਐੱਨ.ਸੀ.ਸੀ. ਕੈਡਿਟਾਂ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਦੀਆਂ ਮਹਿਲਾ ਕੈਡਿਟਾਂ ਨਾਲ ਸੰਖੇਪ ‘ਚ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਹਥਿਆਰਬੰਦ ਸੈਨਾਵਾਂ ਵਿਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਦੇ ਅੰਦਰ ਵੀ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਜਜ਼ਬਾ ਪੈਦਾ ਕਰਨ ਲਈ ਰੋਲ ਮਾਡਲ ਬਣ ਸਕਦੇ ਹਨ।

ਪੀ.ਏ.ਪੀ. ਬੈਂਡ ਦੇ ਨਾਲ ਪੀ.ਏ.ਪੀ. ਗਰੁੱਪ ਦੇ ਕਮਾਂਡਰ ਡੀ.ਐੱਸ.ਪੀ. ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿਚ ਕਈ ਸੀਨੀਅਰ ਅਤੇ ਸੇਵਾ-ਮੁਕਤ ਰੱਖਿਆ ਅਫਸਰ ਵੀ ਸ਼ਾਮਿਲ ਹੋਏ।

ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐੱਸ. ਸ਼ੇਰਗਿੱਲ, ਸਕੱਤਰ ਰੱਖਿਆ ਸੈਨਾਵਾਂ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਰੱਖਿਆ ਸੈਨਾਵਾਂ ਬ੍ਰਿਗੇਡੀਅਰ ਸਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ (ਰਿਟਾ.) ਜੇ.ਐੱਸ. ਚੀਮਾ ਅਤੇ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਮੇਜਰ ਅਮਰਦੀਪ ਸਿੰਘ ਵੀ ਹਾਜ਼ਰ ਸਨ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com) 

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)