ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਦੀ ਮਿਲੀ ਸਜ਼ਾ : ਸੁਖਬੀਰ ਬਾਦਲ

0
7197

ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਕਾਂਗਰਸ ਪਾਰਟੀ ਤੇ ਇਸ ਦੀ ਹਾਈਕਮਾਂਡ ਦਾ ਕਬੂਲਨਾਮਾ ਹੈ ਕਿ ਪਾਰਟੀ ਪੰਜਾਬ ਵਿੱਚ ਕਾਰਗੁਜ਼ਾਰੀ ਵਿਖਾਉਣ ‘ਚ ਨਾਕਾਮ ਰਹੀ ਹੈ ਅਤੇ ਸਾਢੇ 4 ਸਾਲ ਦੇ ਰਾਜਕਾਲ ਦੀ ਕੋਈ ਵੀ ਪ੍ਰਾਪਤੀ ਇਸ ਕੋਲ ਵਿਖਾਉਣ ਲਈ ਨਹੀਂ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜੋ ਲੰਬੇ ਸਮੇਂ ਤੋਂ ਕਹਿ ਰਿਹਾ ਹੈ, ਉਹ ਸੱਚ ਸਾਬਤ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਦੀ ਸਜ਼ਾ ਮਿਲੀ ਹੈ ਤੇ ਕਾਂਗਰਸ ਪਾਰਟੀ ਦੇ ਹਰ ਮੈਂਬਰ ਦਾ ਇਹੋ ਹਾਲ ਹੋਵੇਗਾ।

ਇਥੇ ਜਾਰੀ ਕੀਤੇ ਇਕ ਬਿਆਨ ‘ਚ ਉਨ੍ਹਾਂ ਕਿਹਾ ਕਿ ਸਿਰਫ ਮੁੱਖ ਮੰਤਰੀ ਬਦਲਣ ਨਾਲ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਡੁੱਬ ਰਿਹਾ ਬੇੜਾ ਬਚਾਇਆ ਨਹੀਂ ਜਾ ਸਕਦਾ। ਪੰਜਾਬ ਦੀ ਸਾਰੀ ਵਜ਼ਾਰਤ ਤੇ ਕਾਂਗਰਸ ਵਿਧਾਇਕ ਦਲ ਵੀ ਭ੍ਰਿਸ਼ਟਾਚਾਰ ਵਿੱਚ ਲਿਬੜਿਆ ਹੋਇਆ ਹੈ। ਸਿਰਫ ਕੈਪਟਨ ਦੇ ਅਸਤੀਫੇ ਨਾਲ ਕਾਂਗਰਸ ਪਾਰਟੀ ਦੀ ਕਿਸਮਤ ਬਦਲਣ ਵਾਲੀ ਨਹੀਂ।

ਬਾਦਲ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵੱਲੋਂ ਲੋਕਾਂ ਦੇ ਰੋਹ ਤੋਂ ਬਚਣ ਲਈ ਸਾਰਾ ਦੋਸ਼ ਸਿਰਫ ਇਕ ਵਿਅਕਤੀ ਸਿਰ ਮੜ੍ਹ ਦੇਣ ਦੀ ਯੋਜਨਾ ਸਫਲ ਨਹੀਂ ਹੋਵੇਗੀ। ਪੰਜਾਬੀ ਜਾਣਦੇ ਹਨ ਕਿ ਪੰਜਾਬ ਵਿੱਚ ਪੂਰੀ ਕਾਂਗਰਸ ਪਾਰਟੀ ਖੁੱਲ੍ਹੀ ਲੁੱਟ ਵਿੱਚ ਲੱਗੀ ਹੋਈ ਹੈ।

ਇਸ ਦੇ ਮੰਤਰੀਆਂ ਨੇ ਸੂਬੇ ਦੇ ਸਰਕਾਰੀ ਖਜ਼ਾਨੇ ‘ਚੋਂ ਹਜ਼ਾਰਾਂ ਕਰੋੜ ਰੁਪਏ ਲੁੱਟ ਲਏ ਹਨ ਤੇ ਸਰਕਾਰ ਸੂਬੇ ਵਿੱਚ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚਾ ਪ੍ਰਾਜੈਕਟ ਸ਼ੁਰੂ ਕਰਨ ਵਿੱਚ ਨਾਕਾਮ ਰਹੀ ਹੈ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)