ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਤੀਜੀ ਲਹਿਰ ਦੀਆਂ ਤਿਆਰੀਆਂ ਲਈ ਹੋਰ 331 ਕਰੋੜ ਰੁਪਏ ਦਾ ਐਲਾਨ

0
1887

ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਸੰਭਾਵੀ ਤੀਜੀ ਲਹਿਰ ਤੋਂ ਪਹਿਲਾਂ ਇਸ ਮਹੀਨੇ ਵਿਸ਼ੇਸ਼ ਤੌਰ ‘ਤੇ 6-17 ਸਾਲ ਦੀ ਉਮਰ ਦੇ ਬੱਚਿਆਂ ‘ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਮਰਜੈਂਸੀ ਕੋਵਿਡ ਰਿਸਪਾਂਸ ਲਈ ਪਹਿਲਾਂ ਅਲਾਟ ਕੀਤੀ ਰਾਸ਼ੀ ਤੋਂ ਇਲਾਵਾ ਵਾਧੂ 331 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਲਾਗ ਦੇ ਚਲਨ ਦਾ ਪਤਾ ਲਗਾਉਣ ਲਈ ਬੱਚਿਆਂ ਨੂੰ ਆਧਾਰ ਬਣਾ ਕੇ ਸੀਰੋ ਸਰਵੇ ਕਰਵਾਉਣ ਵਾਲਾ ਪੰਜਾਬ ਦੇਸ਼ ਦਾ ਇਕਲੌਤਾ ਸੂਬਾ ਬਣ ਜਾਵੇਗਾ। ਮੁੱਖ ਮੰਤਰੀ ਨੇ ਹਰ ਜ਼ਿਲ੍ਹੇ ਵਿਚ ਬੱਚਿਆਂ ਦੇ ਇਲਾਜ ਲਈ ਇਕ-ਇਕ ਯੂਨਿਟ (ਪੀਡੀਐਟ੍ਰਿਕ ਯੂਨਿਟ) ਅਤੇ ਸੂਬੇ ਲਈ ਬੱਚਿਆਂ ਦੇ ਇਲਾਜ ਲਈ ਆਲ੍ਹਾ ਦਰਜੇ ਦਾ ਕੇਂਦਰ ਸਥਾਪਤ ਕਰਨ ਦੇ ਆਦੇਸ਼ ਵੀ ਦਿੱਤੇ।

ਉਨ੍ਹਾਂ ਅੱਗੇ ਐਲਾਨ ਕੀਤਾ ਕਿ ਸਰਕਾਰ ਮੈਡੀਕਲ ਗ੍ਰੇਡ ਆਕਸੀਜਨ ਦੀ 24 ਘੰਟੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਜ਼ਿਲ੍ਹੇ ਵਿੱਚ ਐਲਐਮਓ ਸਟੋਰੇਜ ਟੈਂਕ ਵੀ ਸਥਾਪਤ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਹਰੇਕ ਜ਼ਿਲ੍ਹੇ, ਸਬ-ਡਵੀਜ਼ਨ ਅਤੇ ਸੀਐਚਸੀ ਪੱਧਰ ‘ਤੇ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਵੀ ਸਥਾਪਤ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ 17 ਹੋਰ ਆਰਟੀਪੀਸੀਆਰ ਲੈਬਜ਼ ਦੀ ਸਥਾਪਨਾ ਕਰਨ ਦਾ ਐਲਾਨ ਵੀ ਕੀਤਾ। ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਈਸੀਯੂ ਬੈਡਾਂ ਦੀ ਗਿਣਤੀ ਵਧਾ ਕੇ 142 ਕਰ ਦਿੱਤੀ ਜਾਵੇਗੀ ਅਤੇ ਟੈਲੀ ਮੈਡੀਸਨ ਅਤੇ ਟੈਲੀਕੰਸਲਟੇਸ਼ਨ ਲਈ ਇਕ ਹੱਬ ਅਤੇ ਸਕੋਪ ਮਾਡਲ ਵੀ ਸਥਾਪਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਤੀਜੇ ਸੈਂਟੀਨਲ ਸੀਰੋ-ਸਰਵੇਖਣ ਦੇ ਨਤੀਜਿਆਂ ਦੀ ਵਰਤੋਂ ਹੋਰ ਪਾਬੰਦੀਆਂ ਨਿਰਧਾਰਤ ਕਰਨ ਲਈ ਕੀਤੀ ਜਾਵੇਗੀ ਕਿਉਂਕਿ ਸੂਬਾ ਤੀਜੀ ਲਹਿਰ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਥਾਨਕ ਪਾਬੰਦੀਆਂ ਲਈ ਆਟੋ ਟਰਿੱਗਰ ਵਿਧੀ ਨਾਲ ਜੀਆਈਐਸ ਅਧਾਰਤ ਨਿਗਰਾਨੀ ਅਤੇ ਰੋਕਥਾਮ ਦੇ ਉਪਕਰਣਾਂ ਦੀ ਵਰਤੋਂ ਕੀਤੀ ਜਾਵੇਗੀ।

ਡਾ. ਕੇ ਕੇ ਤਲਵਾੜ ਨੇ ਮੁੱਖ ਮੰਤਰੀ ਦੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਹਿਲੀ ਅਤੇ ਦੂਜੀ ਲਹਿਰ ਵਿੱਚ, ਸੰਕਰਮਿਤ ਹੋਏ ਲੋਕਾਂ ਵਿੱਚੋਂ 10 ਫ਼ੀਸਦ 18 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਜਦੋਂ ਇਸ ਤਰ੍ਹਾਂ ਦੇ ਅਨੁਮਾਨਾਂ ਦਾ ਸਮਰਥਨ ਕਰਨ ਲਈ ਕੋਈ ਠੋਸ ਅੰਕੜੇ ਨਹੀਂ ਸਨ, ਤਾਂ ਸੂਬਾ ਤੀਜੀ ਲਹਿਰ ਵਿੱਚ ਬੱਚਿਆਂ ਦੇ ਵਧੇਰੇ ਕੇਸਾਂ ਦੇ ਪ੍ਰਬੰਧਨ ਲਈ ਤਿਆਰੀ ਕਰ ਰਿਹਾ ਸੀ।

ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਆਈਸੀਐਮਆਰ ਸਿਸਟਮ ਤੋਂ ਬਾਹਰ ਨਮੂਨੇ ਲੈਣ ਅਤੇ ਰਿਪੋਰਟਿੰਗ ਪ੍ਰਣਾਲੀ ਨਾਲ ਜੁੜੇ ਲੋੜੀਂਦੇ ਮਾਪਦੰਡਾਂ ਨੂੰ ਹਾਸਲ ਕਰਨ ਲਈ ਕੋਵਾ ਵਿਚ ਤਬਦੀਲੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਸਾਰੀਆਂ ਅਸਾਮੀਆਂ ਦੀ ਭਰਤੀ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਜਿਸ ਲਈ ਕੈਬਨਿਟ ਦੀ ਮਨਜ਼ੂਰੀ ਪਹਿਲਾਂ ਹੀ ਲਈ ਜਾ ਚੁੱਕੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਸਿਹਤ ਵਿਭਾਗ ਵੱਲੋਂ 31 ਜੁਲਾਈ ਨੂੰ ਵਾਕ-ਇਨ ਇੰਟਰਵਿਊਜ਼ ਲਈ 481 ਮਾਹਿਰਾਂ ਦੀ ਭਰਤੀ ਲਈ ਇਸ਼ਤਿਹਾਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਵੀ ਆਉਣ ਵਾਲੇ ਮਹੀਨੇ ਵਿਚ ਅਸਾਮੀਆਂ ਭਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ।

ਕੈਪਟਨ ਅਮਰਿੰਦਰ ਨੇ ਤੀਜੀ ਲਹਿਰ ਦੀ ਤਿਆਰੀ ਦੀ ਰਣਨੀਤੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਕ ਦਿਨ ਵਿਚ 40,000- 45,000 ਦੇ ਕਰੀਬ ਟੈਸਟਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿਸ ਵਿਚ ਵਧੇਰੇ ਆਬਾਦੀ ਅਤੇ ਵੱਧ ਜ਼ੋਖ਼ਮ ਵਾਲੇ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਰ ਪਾਜ਼ੇਟਿਵ ਮਰੀਜ਼ ਪਿੱਛੇ ਸੰਪਰਕ ਟਰੇਸਿੰਗ 18 ਤੱਕ ਬਣਾ ਕੇ ਰੱਖੀ ਗਈ ਹੈ।

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਜਾਹਰ ਕੀਤੀ ਕਿ ਹਰੇਕ ਜ਼ਿਲ੍ਹੇ ਵਿੱਚ ਡਾਟਾ ਸੈੱਲ ਚਾਲੂ ਕੀਤੇ ਗਏ ਹਨ। ਉਹਨਾਂ ਹੁਕਮ ਦਿੱਤਾ ਕਿ ਹਰੇਕ ਜ਼ਿਲ੍ਹੇ ਵਿੱਚ ਤਾਇਨਾਤ ਨਵੇਂ ਭਰਤੀ ਕੀਤੇ ਕਮਿਊਨਿਟੀ ਮੈਡੀਸਨ ਮਾਹਿਰਾਂ ਨੂੰ ਤੁਰੰਤ ਇਨ੍ਹਾਂ ਡਾਟਾ ਸੈੱਲਾਂ ਦਾ ਚਾਰਜ ਦਿੱਤਾ ਜਾਵੇ।

ਮੁੱਖ ਮੰਤਰੀ ਨੇ ਹਦਾਇਤ ਕੀਤੀ ਕਿ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਪਟਿਆਲਾ ਵਿਖੇ ਪਾਥ ਦੇ ਸਹਿਯੋਗ ਨਾਲ ਸਥਾਪਤ ਕੀਤੀ ਜਾ ਰਹੀ ਹੋਲ ਜਿਨੋਮ ਸੀਕਵੈਂਸਿੰਗ (ਡਬਲਯੂਜੀਐਸ) ਲੈਬ ਨੂੰ ਇਸ ਮਹੀਨੇ ਕਾਰਜਸ਼ੀਲ ਕੀਤਾ ਜਾਵੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦਾ ਸਾਜ਼ੋ-ਸਾਮਾਨ 25 ਜੁਲਾਈ ਤੱਕ ਪ੍ਰਾਪਤ ਹੋ ਜਾਵੇਗਾ ਅਤੇ ਇਸ ਮਹੀਨੇ ਦੇ ਅੰਤ ਤੱਕ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਮੀਟਿੰਗ ਨੂੰ ਦੱਸਿਆ ਗਿਆ ਕਿ ਵੀ.ਆਰ.ਡੀ.ਐਲ. ਪਟਿਆਲਾ ਦਾ ਸਬੰਧਤ ਸਟਾਫ ਡਬਲਯੂ.ਜੀ.ਐੱਸ. ਟੈਸਟਿੰਗ ਲਈ 3 ਦਿਨਾਂ ਦੀ ਸਿਖਲਾਈ ਵਾਸਤੇ ਐਨ.ਈ.ਈ.ਆਰ.ਆਈ. ਨਾਸਿਕ ਗਿਆ ਹੈ।

ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਮੁੱਖ ਮੰਤਰੀ ਨੂੰ ਹਸਪਤਾਲਾਂ ਆਦਿ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਡਾ. ਕੇ ਕੇ ਤਲਵਾੜ ਨੇ ਮੀਟਿੰਗ ਵਿੱਚ ਦੱਸਿਆ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਸੁਖਾਵੇਂ ਹਨ, ਹਾਲਾਂਕਿ ਤੀਜੀ ਲਹਿਰ ਦਾ ਡਰ ਬਣਿਆ ਹੋਇਆ ਹੈ ਅਤੇ ਆਈ.ਸੀ.ਐਮ.ਆਰ. ਵੱਲੋਂ ਅਗਸਤ ਦੇ ਅੰਤ ਵਿੱਚ ਜਾਂ ਸਤੰਬਰ ਦੀ ਸ਼ੁਰੂਆਤ ਤੱਕ ਇਸ ਲਹਿਰ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਦਾ ਨਵਾਂ ਵੇਰੀਐਂਟ ਨਹੀਂ ਆਉਂਦਾ ਤਾਂ ਸਥਿਤੀ ਦੂਜੀ ਲਹਿਰ ਜਿੰਨੀ ਜ਼ੋਖਮ ਵਾਲੀ ਨਹੀਂ ਹੋਵੇਗੀ। ਹਾਲਾਂਕਿ, ਉਹਨਾਂ ਇਕੱਠ ਕਰਨ ਸਬੰਧੀ ਵਧੇਰੇ ਸਾਵਧਾਨੀ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ, ਕਿਉਂਕਿ ਕੁਝ ਸੂਬਿਆਂ ਵਿੱਚ ਕੇਸ ਵੱਧ ਰਹੇ ਹਨ।