ਨਵੀਂ ਦਿੱਲੀ | ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਦੁਨੀਆ ‘ਚ ਟੀਕਾਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਸਰਕਾਰ ਨੇ 9 ਅਗਸਤ ਤੋਂ ਉਨ੍ਹਾਂ ਅਮਰੀਕੀ ਨਾਗਰਿਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਸਾਰੀਆਂ ਖੁਰਾਕਾਂ ਲੈ ਲਈਆਂ ਹਨ।
ਸਰਕਾਰ ਨੇ ਕਿਹਾ ਕਿ ਵੈਕਸੀਨ ਲਗਾ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਕੈਨੇਡਾ ਗੈਰ-ਜ਼ਰੂਰੀ ਯਾਤਰਾ ਲਈ 9 ਅਗਸਤ ਤੋਂ ਮਨਜ਼ੂਰੀ ਦੇਣਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ 7 ਸਤੰਬਰ ਤੋਂ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ।
ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਵੈਕਸੀਨ ਦੀਆਂ ਸਾਰੀਆਂ ਡੋਜ਼ ਲਗਵਾਈਆਂ ਹੋਣ।
ਦੱਸ ਦੇਈਏ ਕਿ ਕੈਨੇਡੀਅਨ ਸਰਕਾਰ ਨੇ ਕੋਰੋਨਾ ਕਾਰਨ ਮਾਰਚ 2020 ਤੋਂ ਕੈਨੇਡਾ ਤੇ ਅਮਰੀਕਾ ਵਿਚਾਲੇ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਸੀ। ਕਈ ਸੰਸਥਾਵਾਂ ਇਸ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਕਰ ਰਹੀਆਂ ਸਨ, ਜਿਸ ਵਿਚ ਯਾਤਰਾ ਅਤੇ ਏਅਰਲਾਈਨਜ਼ ਸ਼ਾਮਿਲ ਹਨ।
ਕੈਨੇਡਾ ਨੇ ਅਸਿੱਧੇ ਰਸਤੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਥਰਡ-ਕੰਟਰੀ ਪ੍ਰੀ ਡਿਪਾਰਚਰ ਲਈ ਕੋਵਿਡ-19 ਟੈਸਟ ਦੀ ਮਿਆਦ ਨੂੰ ਵੀ ਵਧਾ ਦਿੱਤਾ ਹੈ।
ਕੈਨੇਡਾ ਲਈ ਰਵਾਨਗੀ ਦੇ ਕਿਸੇ ਹੋਰ ਬਿੰਦੂ ‘ਤੇ ਜੁੜੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੈਨੇਡੀਅਨ ਮੰਜ਼ਿਲ ਤੱਕ ਆਪਣੀ ਯਾਤਰਾ ਜਾਰੀ ਰੱਖਣ ਲਈ ਪ੍ਰੀ-ਡਿਪਾਰਚਰ ਨੈਗੇਟਿਵ RTPCR ਟੈਸਟ ਦੀ ਲੋੜ ਹੋਵੇਗੀ। ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 21 ਅਗਸਤ ਤੱਕ ਭਾਰਤ ਤੋਂ ਕੈਨੈਡਾ ਆਉਣ ਵਾਲੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਸਰਕਾਰ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ 30 ਦਿਨਾਂ ਲਈ ਵਧਾ ਦਿੱਤੀ ਹੈ। ਇਹ ਪਾਬੰਦੀ 21 ਜੁਲਾਈ ਨੂੰ ਖਤਮ ਹੋਣ ਵਾਲੀ ਸੀ ਪਰ ਹੁਣ ਇਹ 21 ਅਗਸਤ ਤੱਕ ਲਾਗੂ ਰਹੇਗੀ।








































