BSF ਨੇ ਭਾਰਤ-ਪਾਕਿ ਸਰਹੱਦ ਤੋਂ ਸਾਢੇ 6 ਕਿੱਲੋ ਹੈਰੋਇਨ ਸਮੇਤ ਪਾਕਿ ਸਮੱਗਲਰ ਦਬੋਚਿਆ

0
963

ਅਟਾਰੀ/ਅੰਮ੍ਰਿਤਸਰ | ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਇਕ ਸਮੱਗਲਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਬੀਐੱਸਐੱਫ ਦੇ ਜਵਾਨਾਂ ਵੱਲੋਂ ਕੀਤੇ ਗਏ ਆਪ੍ਰੇਸ਼ਨ ਬਾਰੇ ਡੀਆਈਜੀ ਸੀਮਾ ਸੁਰੱਖਿਆ ਬਲ ਭੁਪਿੰਦਰ ਸਿੰਘ ਨੇ ਦੱਸਿਆ ਕਿ 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਬੀਓਪੀ ਰਾਜਾਤਾਲ ‘ਤੇ ਤਾਇਨਾਤ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ਲਾਗੇ ਜਦੋਂ ਕੁਝ ਹਿਲਜੁਲ ਮਹਿਸੂਸ ਕੀਤੀ ਤਾਂ ਉਨ੍ਹਾਂ ਨੇ ਲਲਕਾਰਿਆ ਪਰ ਕੋਈ ਜਵਾਬ ਨਹੀਂ ਆਇਆ ਤਾਂ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਕੋਈ ਹੈ।

ਉਨ੍ਹਾਂ ਤੁਰੰਤ ਹੈੱਡ ਕੁਆਰਟਰ ‘ਚ ਕੰਪਨੀ ਕਮਾਂਡਰ ਨਾਲ ਰਾਬਤਾ ਕੀਤਾ ਤੇ ਤੁਰੰਤ ਉਸ ਜਗ੍ਹਾ ਨੂੰ ਘੇਰਾ ਪਾ ਲਿਆ। ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਖੇਤਾਂ ‘ਚ ਲੁਕਿਆ ਇਕ ਸਮੱਗਲਰ ਮਿਲਿਆ।

ਪੁੱਛਗਿੱਛ ਦੌਰਾਨ ਉਸ ਦੀ ਪਛਾਣ ਕਾਸ਼ੀ ਅਲੀ ਪੁੱਤਰ ਰਹਿਮਤ ਅਲੀ ਪਿੰਡ ਮਨਿਆਣਾ (ਪਾਕਿਸਤਾਨ) ਵਜੋਂ ਹੋਈ। ਜਦੋਂ ਪਾਕਿ ਸਮੱਗਲਰ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 6 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਕਿ ਪਲਾਸਿਟਕ ਦੇ ਲਿਫ਼ਾਫ਼ਿਆਂ ‘ਚ ਪੈਕ ਸੀ ਤੇ ਇਹ ਸਾਰੇ ਲਿਫ਼ਾਫ਼ੇ ਇਕ ਕੈਰੀਬੈਗ ‘ਚ ਪਾਏ ਗਏ ਸਨ, ਜਿਸ ‘ਤੇ ਸ਼ੌਕਤ ਖਾਨੂਮ ਮੈਮੋਰੀਅਲ ਕੈਂਸਰ ਹਸਪਤਾਲ ਐਂਡ ਰਿਸਰਚ ਸੈਂਟਰ ਲਾਹੌਰ ਲਿਖਿਆ ਹੋਇਆ ਸੀ। ਸਮੱਗਲਰ ਕੋਲੋਂ ਪੁੱਛਗਿੱਛ ਜਾਰੀ ਹੈ ਕਿ ਇਹ ਹੈਰੋਇਨ ਭਾਰਤ ਵਾਲੇ ਪਾਸੇ ਉਸ ਨੇ ਕਿਸ ਦੇ ਹਵਾਲੇ ਕਰਨੀ ਸੀ।