ਡੇਰਾ ਬਾਬਾ ਨਾਨਕ/ਗੁਰਦਾਸਪੁਰ : ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 73 ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ਤੋਂ ਬੀਐੱਸਐੱਫ ਤੇ ਪੁਲਿਸ ਵੱਲੋਂ ਚਲਾਈ ਸਾਂਝੀ ਮੁਹਿੰਮ ਤਹਿਤ ਅੱਜ ਭਾਰਤ-ਪਾਕਿ ਸਰਹੱਦ ਨੇੜਿਆਂ 200 ਕਰੋੜ ਕੀਮਤ ਦੀ40 ਕਿੱਲੋ ਹੈਰੋਇਨ, 190 ਗ੍ਰਾਮ ਅਫੀਮ ਤੇ ਇਕ ਪਲਾਸਟਿਕ ਦੀ ਪਾਈਪ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ।
ਬੀਐੱਸਐੱਫ ਜਵਾਨਾਂ ਵੱਲੋਂ ਪਾਕਿ ਸਮੱਗਲਰਾਂ ‘ਤੇ ਗੋਲ਼ੀਬਾਰੀ ਵੀ ਕੀਤੀ ਗਈ ਪਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਉਹ ਭੱਜਣ ਵਿੱਚ ਕਾਮਯਾਬ ਹੋ ਗਏ।
ਬੀਐੱਸਐੱਫ ਦੀ 73ਬਟਾਲੀਅਨ ਦੀ ਬੀਓਪੀ ਪੰਜਗਰਾਈਆਂ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀ ਦਾਊਦ ਪੋਸਟ ਪਿੱਲਰ ਨੰਬਰ 57/2 ਦੇ ਨਜ਼ਦੀਕ ਪਾਕਿ ਸਮੱਗਲਰਾਂ ਵੱਲੋਂ ਇਕ ਪਲਾਸਟਿਕ ਦੀ ਪਾਈਪ ‘ਚ ਹੈਰੋਇਨ ਦੇ ਪੈਕੇਟ ਪਾ ਕੇ ਕੰਡਿਆਲੀ ਤਾਰ ਰਾਹੀਂ ਭਾਰਤ ਵਾਲੇ ਪਾਸੇ ਭੇਜੀ ਜਾ ਰਹੀ ਸੀ ਪਰ ਸਮੱਗਲਰ ਬੀਐੱਸਐੱਫ ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਬਚ ਨਾ ਸਕੇ।
ਫੜੀ ਗਈ ਹੈਰੋਇਨ ਦੀ ਪੁਸ਼ਟੀ ਕਰਦਿਆਂ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐੱਸਐੱਫ ਤੇ ਪੁਲਿਸ ਵੱਲੋਂ ਇਸ ਖੇਤਰ ਵਿਚ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਫੜੀ ਗਈ ਹੈਰੋਇਨ ਬੀਐੱਸਐੱਫ ਨੇ ਕਬਜ਼ੇ ‘ਚ ਲੈ ਲਈ ਹੈ।