ਜਲੰਧਰ | ਗੜ੍ਹਾ ਇਲਾਕੇ ਵਿੱਚ ਇਕ 36 ਸਾਲ ਦੇ ਬਿਲਡਿੰਗ ਠੇਕੇਦਾਰ ਦਾ ਕਤਲ ਹੋ ਗਿਆ। ਕਿਸੇ ਨੇ ਉਸ ਦੇ ਸਿਰ ‘ਤੇ ਕਈ ਵਾਰ ਕਰਕੇ ਉਸ ਨੂੰ ਮਾਰ ਦਿੱਤਾ।
ਜਲੰਧਰ ਪੁਲਿਸ ਨੇ ਬਿਲਡਿੰਗ ਠੇਕੇਦਾਰ ਦੇ ਕਤਲ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਵਿੱਚ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਕਿਹਾ- ਮੁਲਜ਼ਮ ਨੂੰ ਕਤਲ ਲਈ ਵਰਤੇ ਗਏ ਹਥਿਆਰ (ਹਥੌੜੇ) ਤੇ ਮ੍ਰਿਤਕ ਦੇ ਮੋਬਾਇਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰਬਰ 7 ਅਧੀਨ ਆਉਣ ਵਾਲੇ ਗੜ੍ਹਾ ਇਲਾਕੇ ਵਿੱਚ 36 ਸਾਲਾ ਬਿਲਡਿੰਗ ਠੇਕੇਦਾਰ ਹਨੀਫ਼ ਅੰਸਾਰੀ ਦਾ ਕਤਲ ਹੋ ਗਿਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੂਰ ਦੇ ਰਿਸ਼ਤੇਦਾਰ 23 ਸਾਲਾ ਇਰਫਾਨ, ਜੋ ਕਿ ਬਿਹਾਰ ਦੇ ਬਤੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਨੇ ਹੀ ਹਨੀਫ਼ ਅੰਸਾਰੀ ਦੇ ਸਿਰ ‘ਤੇ ਹਥੌੜੇ ਮਾਰ ਕੇ ਉਸਦਾ ਕਤਲ ਕੀਤਾ ਸੀ।
ਇਰਫਾਨ ਹਨੀਫ ਦੇ ਕੋਲ ਹੀ ਮਜ਼ਦੂਰ ਦੇ ਤੌਰ ‘ਤੇ ਕੰਮ ਕਰਦਾ ਸੀ। ਦੋਵਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਕੋਈ ਝਗੜਾ ਚੱਲ ਰਿਹਾ ਸੀ। ਇਸੇ ਝਗੜੇ ਦੇ ਚੱਲਦਿਆਂ ਇਰਫਾਨ ਨੇ ਆਪਣੇ ਦੂਰ ਦੇ ਚਾਚਾ ਹਨੀਫ਼ ਅੰਸਾਰੀ ਦਾ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਿਆ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਕਤਲ ਵਿੱਚ ਵਰਤਿਆ ਗਿਆ ਹਥਿਆਰ (ਹਥੌੜਾ) ਬਰਾਮਦ ਕਰ ਲਿਆ ਹੈ ਅਤੇ ਨਾਲ ਹੀ ਮ੍ਰਿਤਕ ਹਨੀਫ਼ ਅੰਸਾਰੀ ਦਾ ਮੋਬਾਇਲ ਵੀ ਬਰਾਮਦ ਕੀਤਾ ਹੈ, ਜੋ ਕਿ ਮੁਲਜ਼ਮ ਨੇ ਕਤਲ ਤੋਂ ਬਾਅਦ ਚੁੱਕ ਲਿਆ ਸੀ।
ਪੁਲਿਸ ਕਮਿਸ਼ਨਰ ਨੇ ਕੁਝ ਹੀ ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾਉਣ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਦੇ ਐਸਐਚਓ, ਏਸੀਪੀ ਅਤੇ ਡੀਸੀਪੀ ਦੇ ਯਤਨਾਂ ਦੀ ਸ਼ਲਾਘਾ ਕੀਤੀ।