ਚੰਡੀਗੜ੍ਹ | ਪੰਜਾਬ ‘ਚ ਪੀਸੀਐਸ ਅਫ਼ਸਰਾਂ ਦੀ ਹੜਤਾਲ ਜਾਰੀ ਹੈ। ਦੱਸ ਦਈਏ ਕਿ ਇਸ ਕਰਕੇ ਸੂਬੇ ਦੀ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ। ਇਸ ‘ਤੇ ਹੁਣ ਭਗਵੰਤ ਸਰਕਾਰ ਐਕਸ਼ਨ ‘ਚ ਨਜ਼ਰ ਆ ਰਹੀ ਹੈ।
ਹੜਤਾਲ ‘ਤੇ ਚਲ ਰਹੇ ਅਧਿਕਾਰੀਆਂ ਖਿਲਾਫ ਸਖ਼ਤ ਰੁਖ ਇਖ਼ਤਿਆਰ ਕਰਦੀ ਪੰਜਾਬ ਸਰਕਾਰ ਨੇ ਸਖ਼ਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ, ਪੀਸੀਐਸ ਅਫ਼ਸਰ ਅੱਜ ਦੁਪਹਿਰ ਦੋ ਵਜੇ ਤੱਕ ਹਰ ਹਾਲਤ ਵਿਚ ਡਿਊਟੀ ‘ਤੇ ਹਾਜ਼ਰ ਹੋ ਜਾਣ, ਜੇਕਰ ਉਕਤ ਅਧਿਕਾਰੀ ਆਪਣੀ ਡਿਊਟੀ ‘ਤੇ ਵਾਪਸ ਨਹੀਂ ਆਉਂਦੇ ਤਾਂ ਸਰਕਾਰ ਨੂੰ ਮਜ਼ਬੂਰਨ ਸਖ਼ਤ ਐਕਸ਼ਨ ਲੈਣਾ ਪਵੇਗਾ।
ਕੀ ਹੈ ਮਾਮਲਾ
ਵਿਜੀਲੈਂਸ ਨੇ ਪੰਜਾਬ ਦੇ ਲੁਧਿਆਣਾ ਵਿੱਚ ਆਰਟੀਏ ਵਜੋਂ ਤਾਇਨਾਤ ਨਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਆਰਟੀਏ ਪ੍ਰਾਈਵੇਟ ਲੋਕਾਂ ਰਾਹੀਂ ਚਲਾਨ ਨਾ ਕੱਟਣ ਲਈ ਟਰਾਂਸਪੋਰਟਰਾਂ ਤੋਂ ਮਹੀਨਾਵਾਰ ਵਸੂਲੀ ਕਰਦਾ ਸੀ। ਵਿਜੀਲੈਂਸ ਨੇ ਦਸੰਬਰ ਮਹੀਨੇ ਲਈ ਵਸੂਲੀ ਗਈ ਰਾਸ਼ੀ ਨਾਲ ਆਰ.ਟੀ.ਏ. ਨੂੰ ਗ੍ਰਿਫਤਾਰ ਕੀਤਾ ਸੀ।
ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦਾ ਪੀਸੀਐਸ ਕਾਡਰ ਨਾਰਾਜ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਜਿਹੀ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਕਿਸੇ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਕਰ ਸਕਦੀ। ਜਿਸ ਤੋਂ ਬਾਅਦ ਸਾਰੇ ਪੀਸੀਐਸ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਸੀ।