ਬਰਨਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰਨਾਲਾ ‘ਚ ਭਿਆਨਕ ਸੜਕ ਹਾਦਸਾ ਵਾਪਰਿਆ। ਮੋਟਰਸਾਈਕਲ ਸਵਾਰ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੰਜਾਬ ਦੇ ਬਰਨਾਲਾ ਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਤਪਾ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਦੋ ਬਾਈਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋਵੇਂ ਬਾਈਕਾਂ ‘ਤੇ ਸਵਾਰ 5 ਸਾਲਾ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲਿਆ।
ਜਾਣਕਾਰੀ ਅਨੁਸਾਰ ਇਕ ਬਾਈਕ ‘ਤੇ ਇਕ ਹੀ ਵਿਅਕਤੀ ਸਵਾਰ ਸੀ, ਜਿਸ ਦੀ ਪਛਾਣ ਬੇਅੰਤ ਸਿੰਘ ਵਾਸੀ ਪਿੰਡ ਕੱਟੂ ਵਜੋਂ ਹੋਈ ਹੈ। ਇਸ ਦੇ ਨਾਲ ਹੀ ਬੱਚੇ ਅਤੇ ਉਸਦੇ ਮਾਤਾ-ਪਿਤਾ ਦੂਜੇ ਮੋਟਰਸਾਈਕਲ ‘ਤੇ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ ਅਤੇ ਪੁਰਸ਼ ਦੇ ਸਾਹ ਚੱਲ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।
ਥਾਣਾ ਤਪਾ ਦੇ ਇੰਚਾਰਜ ਕਰਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਫਿਲਹਾਲ ਮ੍ਰਿਤਕ ਬੱਚੇ ਅਤੇ ਮਾਤਾ-ਪਿਤਾ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਕਾਰ ਚਾਲਕ ਫਰਾਰ ਹੈ। ਡਰਾਈਵਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿਸ ਫਰਾਰ ਡਰਾਈਵਰ ਦੀ ਭਾਲ ‘ਚ ਜੁਟ ਗਈ ਹੈ।