ਪਟਿਆਲਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸਮਾਣਾ ਦੇ ਪਿੰਡ ਰੰਧਾਵਾ ਦਾ ਭਾਰਤੀ ਫ਼ੌਜ ’ਚ ਤਾਇਨਾਤ ਫ਼ੌਜੀ ਸਹਿਜਪਾਲ ਸਿੰਘ ਦੇਸ਼ ਦੀ ਰੱਖਿਆ ਕਰਦੇ ਹੋਏ ਅਸਾਮ ਵਿਚ ਸ਼ਹੀਦ ਹੋ ਗਿਆ। ਸ਼ਹੀਦ ਸਹਿਜਪਾਲ ਸਿੰਘ 25 ਸਾਲ 2015 ’ਚ ਭਾਰਤੀ ਫ਼ੌਜ ’ਚ ਭਰਤੀ ਹੋਇਆ ਸੀ। ਉਸ ਦਾ 21 ਸਾਲ ਦਾ ਛੋਟਾ ਭਰਾ ਅੰਮ੍ਰਿਤਪਾਲ ਸਿੰਘ ਵੀ ਭਾਰਤੀ ਫ਼ੌਜ ’ਚ ਹੈ ਤੇ ਲੇਹ-ਲੱਦਾਖ ’ਚ ਡਿਊਟੀ ’ਤੇ ਤਾਇਨਾਤ ਹੈ।
ਸਹਿਜਪਾਲ ਸਿੰਘ ਦੀ ਸ਼ਹਾਦਤ ਦੀ ਖਬਰ ਮਿਲਣ ’ਤੇ ਪੂਰੇ ਇਲਾਕੇ ’ਚ ਮਾਤਮ ਛਾਇਆ ਹੋਇਆ ਹੈ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਤੇ ਕਿਹਾ ਕਿ ਸਮਾਣਾ ਦਾ ਇਹ ਸ਼ਹੀਦ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਇਆ ਹੈ। ਅੱਜ ਪੂਰਾ ਪੰਜਾਬ ਅਤੇ ਭਾਰਤ ਸ਼ਹੀਦ ਫ਼ੌਜੀ ਨੂੰ ਨਮਨ ਕਰਦਾ ਹੈ।
ਜਾਣਕਾਰੀ ਅਨੁਸਾਰ ਸਹਿਜਪਾਲ ਦੀ ਮ੍ਰਿਤਕ ਦੇਹ ਐਤਵਾਰ ਯਾਨੀ ਅੱਜ ਪਿੰਡ ਰੰਧਾਵਾ ਪਹੁੰਚੇਗੀ, ਜਿਸ ਤੋਂ ਬਾਅਦ ਫ਼ੌਜੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਫ਼ੌਜੀ ਦੇ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਰੋ-ਰੋ ਕੇ ਬੁਰਾ ਹਾਲ ਹੈ।