ਬ੍ਰੇਕਿੰਗ : ਕਿਸਾਨਾਂ ਦਾ ਦਿੱਲੀ ਕੂਚ ਟਲਿਆ, ਕਿਸਾਨ ਆਗੂ ਪੰਧੇਰ ਨੇ ਡੱਲੇਵਾਲ ਨੂੰ ਮਰਤ ਵਰਤ ਖਤਮ ਕਰਨ ਦੀ ਕੀਤੀ ਅਪੀਲ

0
44

ਪਟਿਆਲਾ/ਚੰਡੀਗੜ੍ਹ, 20 ਜਨਵਰੀ | ਹਰਿਆਣਾ-ਪੰਜਾਬ ਦੇ ਸ਼ੰਭੂ ਸਰਹੱਦ ਦੇ ਕਿਸਾਨਾਂ ਨੇ ਦਿੱਲੀ ਵੱਲ ਆਪਣਾ ਮਾਰਚ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਡੱਲੇਵਾਲ ਨੂੰ ਵੀ ਮਰਨ ਵਰਤ ਖਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੜਾਈ ਲੰਮੀ ਹੈ ਤੇ ਤਕੜੇ ਹੋ ਕੇ ਲੜਨੀ ਪੈਣੀ ਹੈ, ਇਸ ਲਈ ਡੱਲੇਵਾਲ ਆਪਣਾ ਮਰਨ ਵਰਤ ਖਤਮ ਕਰ ਕੇ ਤਕੜੇ ਹੋ ਜਾਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ 14 ਫਰਵਰੀ ਨੂੰ ਚੰਡੀਗੜ੍ਹ ਦੀ ਬਜਾਏ ਦਿੱਲੀ ਵਿਚ ਮੀਟਿੰਗ ਕਰਨੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਸਵੇਰੇ ਪੰਧੇਰ ਨੇ ਕਿਹਾ ਸੀ ਕਿ ਉਹ ਦਿੱਲੀ ਜਾਣਗੇ। ਕੇਂਦਰ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੇਂਦਰ ਨੇ ਕਿਸਾਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿਚ ਗੱਲਬਾਤ ਲਈ ਸੱਦਿਆ ਹੈ।

ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਅੱਜ (20 ਜਨਵਰੀ) ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਬਾਰੇ ਗਾਰੰਟੀ ਕਾਨੂੰਨ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਸਮੇਤ ਦੇਸ਼ ਭਰ ਵਿਚ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਹਾਲਾਂਕਿ ਕੇਂਦਰ ਤੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਐਸਕੇਐਮ ਨੇ ਕਿਹਾ ਕਿ ਘੇਰਾਓ ਕਰਨ ਦੀ ਬਜਾਏ, ਸਾਰੇ ਕਿਸਾਨਾਂ ਨੂੰ ਈ-ਮੇਲ ਰਾਹੀਂ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਭੇਜਣੇ ਚਾਹੀਦੇ ਹਨ। 26 ਜਨਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਕੱਢੇ ਜਾਣਗੇ।

ਐਸਕੇਐਮ ਆਗੂ ਦਰਸ਼ਨਪਾਲ ਸਿੰਘ ਨੇ ਕਿਹਾ ਸੀ ਕਿ ਸੰਸਦ ਮੈਂਬਰਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਨਾਲ ਜਲਦੀ ਗੱਲਬਾਤ ਸ਼ੁਰੂ ਹੋ ਸਕੇ।

ਡੱਲੇਵਾਲ ਨੇ ਕਿਹਾ- ਮਰਨ ਵਰਤ ਜਾਰੀ ਰਹੇਗਾ
ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਗੱਲਬਾਤ ਦਾ ਪ੍ਰਸਤਾਵ ਆਉਣ ਤੋਂ ਬਾਅਦ ਵੀ ਡੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਾਰੰਟੀ ਕਾਨੂੰਨ ਲਾਗੂ ਨਹੀਂ ਹੁੰਦਾ, ਉਦੋਂ ਤੱਕ ਉਹ ਕੁਝ ਨਹੀਂ ਖਾਣਗੇ। ਉਨ੍ਹਾਂ ਦਾ ਵਰਤ ਜਾਰੀ ਰਹੇਗਾ। ਹਾਲਾਂਕਿ ਕਿਸਾਨਾਂ ਦੇ ਕਹਿਣ ‘ਤੇ ਉਹ ਸ਼ਨੀਵਾਰ ਦੇਰ ਰਾਤ ਤੋਂ ਹੀ ਮੈਡੀਕਲ ਸਹੂਲਤ ਲੈ ਰਹੇ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਗਲੂਕੋਜ਼ ਦਿੱਤਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)