ਨਵੀਂ ਦਿੱਲੀ, 24 ਨਵੰਬਰ | ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਕੂਲਾਂ ਵਿਚ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਹਨ। ਸਿੱਖਿਆ ਵਿਭਾਗ ਵੱਲੋਂ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖ਼ਿਆਵਾਂ ਤੋਂ ਪਹਿਲਾਂ ਵਿਭਾਗ ਨੇ ਸਕੂਲ ਪ੍ਰਮੁੱਖਾਂ, ਅਧਿਆਪਕਾਂ ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਛੁੱਟੀਆਂ ਨੂੰ ਲੈ ਕੇ ਇਕ ਪੱਤਰ ਜਾਰੀ ਕਰਕੇ ਨਵਾਂ ਫਰਮਾਨ ਜਾਰੀ ਕੀਤਾ ਹੈ।
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਆਮ ਤੌਰ ‘ਤੇ ਪ੍ਰੀਖਿਆਵਾਂ ਤੋਂ ਪਹਿਲਾਂ ਕਈ ਅਧਿਆਪਕ ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਲਈ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ‘ਚ ਪੜ੍ਹਾਉਣ ਵਾਲੇ ਜ਼ਿਆਦਾਤਰ ਅਧਿਆਪਕਾਂ ਦੇ ਬੱਚਿਆਂ ਦੇ ਪੇਪਰ ਵੀ ਇਨ੍ਹਾਂ ਮਹੀਨਿਆਂ ‘ਚ ਹੁੰਦੇ ਹਨ, ਜਿਸ ਕਾਰਨ ਕਈ ਅਧਿਆਪਕ ਇਸੇ ਮਹੀਨੇ ਚਾਈਲਡ ਕੇਅਰ ਲੀਵ ਜਾਂ ਹੋਰ ਤਰਕ ਦੇ ਕੇ ਛੁੱਟੀ ਲਈ ਅਰਜ਼ੀ ਦੇ ਦਿੰਦੇ ਹਨ।
ਅਜਿਹੇ ਵਿਚ ਸਵਾਲ ਇਹ ਉਠਦਾ ਹੈ ਕਿ ਜੇਕਰ ਵਿਸ਼ੇ ਨਾਲ ਸਬੰਧਤ ਅਧਿਆਪਕ ਹੀ ਛੁੱਟੀ ‘ਤੇ ਹੋਣਗੇ ਤਾਂ ਵਿਦਿਆਰਥੀਆਂ ਨੂੰ ਪੜ੍ਹਾਈ ਕੌਣ ਕਰਾਏਗਾ। ਇਸੇ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।