ਕਪੂਰਥਲਾ 5 ਜਨਵਰੀ | ਪੁਲਿਸ ਨੇ ਇਕ ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ ਵਿਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਪੁਲਿਸ ਉਨ੍ਹਾਂ ਨੂੰ ਮੈਡੀਕਲ ਕਰਵਾਉਣ ਲਈ ਲੈ ਗਈ। ਸਿਵਲ ਹਸਪਤਾਲ ਕਪੂਰਥਲਾ ‘ਚ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਜੇਲ ‘ਚੋਂ ਬਾਹਰ ਆਉਣ ਤੋਂ ਬਾਅਦ ਮੈਂ ਸ਼ਾਂਤੀ ਨਾਲ ਗੱਲ ਕਰਾਂਗਾ।
ਮੈਡੀਕਲ ਤੋਂ ਬਾਅਦ ਪੁਲਿਸ ਨੇ ਖਹਿਰਾ ਨੂੰ ਅਦਾਲਤ ਵਿਚ ਪੇਸ਼ ਕੀਤਾ। ਖਹਿਰਾ ਦੇ ਵਕੀਲ ਕੰਵਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 5 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਹੈ ਪਰ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੂੰ ਡਰੱਗ ਤਸਕਰੀ ਮਾਮਲੇ ‘ਚ 90 ਦਿਨਾਂ ਬਾਅਦ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਜੇਲ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਇਕ ਹੋਰ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਕਪੂਰਥਲਾ ਪੁਲਿਸ ਨੇ ਉਨ੍ਹਾਂ ਨੂੰ ਸ਼ਾਮ ਵੇਲੇ ਨਿਊ ਜੁਡੀਸ਼ੀਅਲ ਕੰਪਲੈਕਸ ਵਿਖੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਪ੍ਰੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਖਹਿਰਾ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਸੁਭਾਨਪੁਰ ਥਾਣੇ ਵਿਚ ਵੀਰਵਾਰ ਸਵੇਰੇ ਪਿੰਡ ਡੋਗਰਾਂਵਾਲ ਦੀ ਰਹਿਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਖਹਿਰਾ ਖ਼ਿਲਾਫ਼ ਧਾਰਾ 195-ਏ (ਝੂਠੀ ਗਵਾਹੀ ਲਈ ਧਮਕਾਉਣਾ) ਅਤੇ ਧਾਰਾ 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਧਾਇਕ ਸੁਖਪਾਲ ਖਹਿਰਾ ਉਸ (ਸ਼ਿਕਾਇਤਕਰਤਾ) ਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਹੇ ਹਨ।