ਬ੍ਰੇਕਿੰਗ : ਚੰਡੀਗੜ੍ਹ ਦੇ ਕਲੱਬਾਂ ਬਾਹਰ ਬੰਬ ਧਮਾਕੇ ਕਰਨ ਵਾਲੇ 2 ਮੁਲਜ਼ਮ ਹਰਿਆਣਾ ਤੋਂ ਗ੍ਰਿਫਤਾਰ

0
344

ਚੰਡੀਗੜ੍ਹ, 29 ਨਵੰਬਰ | ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਤੇ ਜ਼ਿਲਾ ਅਪਰਾਧ ਸੈੱਲ ਦੀਆਂ ਟੀਮਾਂ ਨੇ 4 ਦਿਨ ਪਹਿਲਾਂ ਇੱਥੇ 2 ਕਲੱਬਾਂ ਦੇ ਬਾਹਰ ਹੋਏ ਬੰਬ ਧਮਾਕਿਆਂ ਦੇ ਮਾਮਲੇ ‘ਚ ਹਿਸਾਰ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਇੱਕ ਮੁਲਜ਼ਮ ਹਰਿਆਣਾ ਅਤੇ ਦੂਜਾ ਪੰਜਾਬ ਦਾ ਹੈ। ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਬੰਬ ਧਮਾਕਿਆਂ ਨਾਲ ਸਬੰਧਤ ਮਾਮਲੇ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ।

ਪੁਲਿਸ ਟੀਮ ਤੁਰੰਤ ਉਨ੍ਹਾਂ ਨੂੰ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਈ। ਉਨ੍ਹਾਂ ਦੇ ਦੇਰ ਸ਼ਾਮ ਤੱਕ ਇੱਥੇ ਪਹੁੰਚਣ ਦੀ ਉਮੀਦ ਹੈ। ਹਾਲਾਂਕਿ ਅਧਿਕਾਰਤ ਤੌਰ ‘ਤੇ ਕੋਈ ਵੀ ਪੁਲਿਸ ਅਧਿਕਾਰੀ ਇਸ ‘ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ ‘ਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ ‘ਚ ਹਿਸਾਰ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।