ਬ੍ਰੇਕਿੰਗ : ਬੰਬੀਹਾ ਗੈਂਗ ਦਾ ਮੁੱਖ ਸਰਗਣਾ ਗਗਨ ਢਿੱਲੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ; ਕਈ ਪੰਜਾਬੀ ਗਾਇਕਾਂ ਨੂੰ ਕਰਨਾ ਸੀ ਟਾਰਗੈੱਟ

0
865

ਮੋਹਾਲੀ, 30 ਅਕਤੂਬਰ | ਪੰਜਾਬ ਪੁਲਿਸ ਨੇ ਕੈਨੇਡਾ ਦੇ ਗੈਂਗਸਟਰ ਪ੍ਰਿੰਸ ਚੌਹਾਨ ਨਾਲ ਜੁੜੇ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ’ਤੇ ਸਟੇਟ ਸਪੈਸ਼ਲ ਆਪ੍ਰੇਟਿੰਗ ਸੈੱਲ (ਐੱਸ. ਐੱਸ. ਓ. ਸੀ.) ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਗਿਰੋਹ ਨਾਲ ਸਬੰਧਤ ਮੁੱਖ ਸਰਗਣੇ ਲਵਪ੍ਰੀਤ ਸਿੰਘ ਉਰਫ਼ ਗਗਨ ਢਿੱਲੋਂ ਪੁੱਤਰ ਮੇਜਰ ਸਿੰਘ ਵਾਸੀ ਤਾਲ ਵਾਲੀ ਗਲੀ, ਹੁੱਕੀ ਵਾਲਾ ਚੌਕ ਫਰੀਦਕੋਟ ਨੂੰ ਕਾਬੂ ਕਰ ਲਿਆ, ਜੋ ਬੰਬੀਹਾ ਗਿਰੋਹ ਦਾ ਮੁੱਖ ਸੰਚਾਲਕ ਹੈ।

ਉਸਨੇ ਪੰਜਾਬ ਦੇ ਕਈ ਕਾਰੋਬਾਰੀਆਂ ਅਤੇ ਗਾਇਕਾਂ ਨੂੰ ਫਿਰੌਤੀ ਵਾਲੀਆਂ ਕਾਲਾਂ ਕੀਤੀਆਂ ਸਨ, ਜਦਕਿ ਹਰਮਨਪ੍ਰੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ, ਪੁਲਿਸ ਟੀਮ ਉਸਦਾ ਪਿੱਛਾ ਕਰ ਰਹੀ ਹੈ ਅਤੇ ਉਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਲਵਪ੍ਰੀਤ ਦੇ ਕਬਜ਼ੇ ’ਚੋਂ 1 ਪਿਸਤੌਲ 30 ਬੋਰ ਅਤੇ 5 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।

ਐੱਸ. ਐੱਸ. ਓ. ਸੀ. ਮੋਹਾਲੀ ਨੂੰ ਸੂਚਨਾ ਮਿਲੀ ਸੀ ਕਿ ਕੈਨੇਡਾ ਸਥਿਤ ਗੈਂਗਸਟਰ ਪੰਜਾਬ ਦੇ ਕਾਰੋਬਾਰੀਆਂ ਅਤੇ ਗਾਇਕਾਂ ਨੂੰ ਫਿਰੌਤੀ ਲਈ ਧਮਕਾ ਰਹੇ ਹਨ ਤੇ ਇਹ ਮਡਿਊਲ ਚਲਾ ਰਹੇ ਹਨ, ਜਿਸ ਤਹਿਤ ਜ਼ਹਿਰ ਸਿੰਘ ਉਰਫ਼ ਪ੍ਰਿੰਸ ਚੌਹਾਨ ਪੁੱਤਰ ਰਣਵੀਰ ਸਿੰਘ ਵਾਸੀ ਖੁੱਡਾ ਲਾਹੌਰਾ, ਚੰਡੀਗੜ੍ਹ (ਮੌਜੂਦਾ ਸਮੇਂ ਕੈਨੇਡਾ), ਹਰਮਨਪ੍ਰੀਤ ਸਿੰਘ ਉਰਫ਼ ਹੈਮੀ ਪੁੱਤਰ ਬਲਦੇਵ ਸਿੰਘ ਵਾਸੀ ਮਾਈ ਗੋਦੜੀ ਸਾਹਿਬ ਮੁਹੱਲਾ ਫ਼ਰੀਦਕੋਟ ਤੇ ਲਵਪ੍ਰੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਗ੍ਰਿਫਤਾਰ ਕੀਤੇ ਮੁਲਜ਼ਮਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਲਵਪ੍ਰੀਤ ਉਰਫ ਗਗਨ ਢਿੱਲੋਂ ਹਰਮਨਪ੍ਰੀਤ ਸਿੰਘ ਰਾਹੀਂ ਪ੍ਰਿੰਸ ਚੌਹਾਨ ਦੇ ਸੰਪਰਕ ਵਿਚ ਆਇਆ ਸੀ ਕਿਉਂਕਿ ਉਹ ਪ੍ਰਿੰਸ ਚੌਹਾਨ ਦੇ ਸਿੱਧੇ ਸੰਪਰਕ ਵਿਚ ਸੀ ਅਤੇ ਹੁਣ ਉਹ ਦੋਵੇਂ ਪ੍ਰਿੰਸ ਲਈ ਕੰਮ ਕਰਦੇ ਸਨ। ਲਵਪ੍ਰੀਤ ਅਤੇ ਹਰਮਨਪ੍ਰੀਤ ਗਿਰੋਹ ਦੇ ਗੈਰ-ਕਾਨੂੰਨੀ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਲਈ ਕੰਮ ਕਰਦੇ ਸਨ। ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਕਿ ਪ੍ਰਿੰਸ ਚੌਹਾਨ ਨੇ ਲਵਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਉਰਫ ਹੈਮੀ ਨੂੰ ਪੰਜਾਬ ਦੇ ਗਾਇਕਾਂ ਤੋਂ ਫਿਰੌਤੀ ਅਤੇ ਟਾਰਗੈੱਟ ਕਿਲਿੰਗ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਹੈ। ਹਰਮਨਪ੍ਰੀਤ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖਿਲਾਫ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ।