ਬ੍ਰੇਕਿੰਗ : ਲੁਧਿਆਣਾ ‘ਚ ਚੋਰੀ ਕਰਨ ਆਏ ਚੋਰ ਨੇ ਫੜੇ ਜਾਣ ‘ਤੇ ਚਲਾਈਆਂ ਗੋਲੀਆਂ, ਨੌਜਵਾਨ ਜ਼ਖਮੀ

0
336

ਲੁਧਿਆਣਾ, 4 ਨਵੰਬਰ | ਅੱਜ ਲੋਕਾਂ ਨੇ ਸਟਰੀਟ ਲਾਈਟਾਂ ਚੋਰੀ ਕਰਨ ਵਾਲੇ ਦੋਸ਼ੀ ਨੂੰ ਫੜ ਲਿਆ। ਜਦੋਂ ਚੋਰ ਫੜਿਆ ਗਿਆ ਤਾਂ ਉਸ ਨੇ ਅਚਾਨਕ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ ਨੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਇਲਾਕੇ ਦੇ ਇੱਕ ਵਸਨੀਕ ਨੂੰ ਲੱਗੀ, ਜਦੋਂ ਕਿ ਦੂਜੀ ਗੋਲੀ ਇੱਕ ਨੌਜਵਾਨ ਦੇ ਪੇਟ ਵਿਚ ਲੱਗੀ। ਉਕਤ ਨੌਜਵਾਨ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਤਾਜਪੁਰ ਰੋਡ ਨੇੜੇ ਜਗਦੀਸ਼ਪੁਰਾ ਇਲਾਕੇ ਦੇ ਸ਼ਨੀ ਮੰਦਿਰ ਵਿਚ ਪਿਛਲੇ ਕੁਝ ਦਿਨਾਂ ਤੋਂ ਗਲੀਆਂ ਵਿੱਚੋਂ ਲਾਈਟਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ। ਕਈ ਲੋਕਾਂ ਦੇ ਘਰਾਂ ਦੇ ਬਾਹਰ ਦੀਆਂ ਲਾਈਟਾਂ ਵੀ ਕੱਟ ਦਿੱਤੀਆਂ ਗਈਆਂ। ਚੋਰ ਤੋਂ ਪ੍ਰੇਸ਼ਾਨ ਲੋਕਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਤੋਂ ਬਾਅਦ ਅੱਜ ਸਵੇਰੇ ਅਚਾਨਕ ਕੁਝ ਲੋਕਾਂ ਨੇ ਸੀਸੀਟੀਵੀ ਕੈਮਰੇ ਵਿਚ ਨਜ਼ਰ ਆਏ ਵਿਅਕਤੀ ਨੂੰ ਗਲੀ ਵਿਚ ਘੁੰਮਦੇ ਦੇਖਿਆ।

ਜਿਵੇਂ ਹੀ ਲੋਕਾਂ ਨੇ ਉਸ ਵਿਅਕਤੀ ਨੂੰ ਫੜਿਆ ਤਾਂ ਉਸ ਨੇ ਆਪਣੇ ਹੱਥ ਵਿਚ ਫੜੇ ਬੈਗ ਵਿੱਚੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ। ਗੋਲੀ ਪ੍ਰਿੰਸ ਨਾਂ ਦੇ ਨੌਜਵਾਨ ਦੇ ਪੇਟ ਵਿਚ ਲੱਗੀ। ਪ੍ਰਿੰਸ ਦੇ ਪਿਤਾ ਸੁਰਜੀਤ ਨੇ ਦੱਸਿਆ ਕਿ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਬੇਟੇ ਨੇ ਘਰ ਆ ਕੇ ਉਸ ਨੂੰ ਕਿਹਾ ਕਿ ਕੋਈ ਵੀ ਬਾਹਰ ਗਲੀ ਵਿਚ ਨਾ ਜਾਵੇ। ਚੋਰ ਗੋਲੀਆਂ ਚਲਾ ਰਿਹਾ ਹੈ। ਪ੍ਰਿੰਸ ਨੂੰ ਉਸ ਦੀ ਵੇਸਟ ਵਿੱਚੋਂ ਖੂਨ ਵਹਿ ਰਿਹਾ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ। ਫਿਲਹਾਲ ਪ੍ਰਿੰਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਸੀ.ਆਈ.ਏ.-2 ਅਤੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਪੁਲਿਸ ਮੁਲਜ਼ਮ ਨੂੰ ਜਲਦੀ ਫੜਨ ਦਾ ਦਾਅਵਾ ਵੀ ਕਰ ਰਹੀ ਹੈ।